ਪਾਲੇਕਲ : ਕਪਤਾਨ ਹਰਮਨਪ੍ਰੀਤ ਕੌਰ ਤੇ ਪੂਜਾ ਵਸਤ੍ਰਾਕਰ ਦੇ ਹਰਫ਼ਨਮੌਲਾ ਪ੍ਰਦਰਸ਼ਨ ਦੇ ਦਮ ‘ਤੇ ਭਾਰਤੀ ਮਹਿਲਾ ਟੀਮ ਨੇ ਵੀਰਵਾਰ ਨੂੰ ਇੱਥੇ ਤੀਜੇ ਤੇ ਆਖ਼ਰੀ ਵਨ ਡੇ ਵਿਚ ਸ੍ਰੀਲੰਕਾ ਨੂੰ 39 ਦੌੜਾਂ ਨਾਲ ਹਰਾ ਕੇ ਉਸ ਦਾ ਸਫ਼ਾਇਆ ਕਰ ਦਿੱਤਾ। ਹਰਮਨਪ੍ਰੀਤ (75 ਦੌੜਾਂ ਤੇ ਇਕ ਵਿਕਟ) ਤੇ ਵਸਤ੍ਰਾਕਰ (ਅਜੇਤੂ 56 ਦੌੜਾਂ ਤੇ ਦੋ ਵਿਕਟਾਂ) ਨੇ ਸੱਤਵੀਂ ਵਿਕਟ ਲਈ 97 ਦੌੜਾਂ ਦੀ ਭਾਈਵਾਲੀ ਨਿਭਾ ਕੇ ਟੀਮ ਨੂੰ ਸੰਭਾਲਿਆ ਤੇ ਨੌਂ ਵਿਕਟਾਂ ‘ਤੇ 255 ਦੌੜਾਂ ਦਾ ਸਕੋਰ ਖੜ੍ਹਾ ਕਰਨ ਵਿਚ ਮਦਦ ਕੀਤੀ। ਫਿਰ ਗੇਂਦਬਾਜ਼ਾਂ ਨੇ ਮੇਜ਼ਬਾਨ ਟੀਮ ਨੂੰ 47.3 ਓਵਰਾਂ ਵਿਚ 216 ਦੌੜਾਂ ‘ਤੇ ਸਮੇਟ ਦਿੱਤਾ।

ਇਸ ਵਿਚ ਹਰਮਨਪ੍ਰੀਤ ਤੇ ਵਸਤ੍ਰਾਕਰ ਦੋਵਾਂ ਨੇ ਅਹਿਮ ਵਿਕਟਾਂ ਲਈਆਂ। ਇਸ ਸੀਰੀਜ਼ ਵਿਚ ਜਿੱਤ ਨਾਲ ਭਾਰਤੀ ਮਹਿਲਾ ਟੀਮ ਨੇ ਸ੍ਰੀਲੰਕਾ ਖ਼ਿਲਾਫ਼ ਲਗਾਤਾਰ ਚੌਥੀ ਦੁਵੱਲੀ ਸੀਰੀਜ਼ ਆਪਣੇ ਨਾਂ ਕੀਤੀ। ਮਹਿਲਾ ਟੀਮ ਨੇ ਇਸ ਤੋਂ ਪਹਿਲਾਂ 2013, 2015 ਤੇ 2018 ਵਿਚ ਵੀ ਵਨ ਡੇ ਸੀਰੀਜ਼ ਜਿੱਤੀ ਸੀ। ਮੈਚ ਤੇ ਟੂਰਨਾਮੈਂਟ ਵਿਚ ਸਰਬੋਤਮ ਪ੍ਰਦਰਸ਼ਨ ਕਰਨ ਲਈ ਹਰਮਨਪ੍ਰੀਤ ਕੌਰ ਨੂੰ ਪਲੇਅਰ ਆਫ ਦ ਮੈਚ ਤੇ ਪਲੇਅਰ ਆਫ ਦ ਸੀਰੀਜ਼ ਐਲਾਨਿਆ ਗਿਆ।





