ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਡਲਾਸ, ਟੈਕਸਾਸ ਵਿਚ ਹਿੰਦੂ ਸਵੈਮ ਸੇਵਕ ਸੰਘ ਵੱਲੋਂ ਹਿੰਦੂ ਸਭਿਅਤਾ ਨਾਲ ਸਬੰਧਤ ਇਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਇਹ ਪ੍ਰਦਰਸ਼ਨੀ ‘ਦਰਸ਼ਨ ਦਿਵਸ’ ਮੌਕੇ, ਜੌਹਨ ਐਂਡ ਜੂਡੀ ਗੇਅ ਪਬਲਿਕ ਲਾਇਬਰੇਰੀ ਮੈਕੀਨੇ ਵਿਖੇ ਲਗਾਈ ਗਈ ਗਈ। ਹਿੰਦੂ ਸਭਿਅਤਾ ਨਾਲ ਸਬੰਧਤ ਚਿੱਤਰਾਂ ਦੀ ਲਗਾਈ ਇਸ ਪ੍ਰਦਰਸ਼ਨੀ ਵਿਚ ਡਲਾਸ ਦੀਆਂ 15 ਤੋਂ ਵਧ ਧਾਰਮਿਕ ਸੰਸਥਾਵਾਂ ਨੇ ਸ਼ਿਰਕਤ ਕੀਤੀ। ਇਹ ਚਿੱਤਰ ਕਲਾ, ਸਾਇੰਸ, ਧਾਰਮਿਕ ਰਵਾਇਤਾਂ, ਮੇਲਿਆਂ, ਪਹਿਰਾਵੇ, ਯੋਗਾ ਸਮੇਤ ਹੋਰ ਵਿਸ਼ਿਆਂ ਨਾਲ ਸਬੰਧਤ ਸਨ ਜੋ ਹਿੰਦੂ ਸਵੈਮ ਸੇਵਕ ਸੰਘ ਦੇ ਵਾਲੰਟੀਅਰਾਂ ਦੁਆਰਾ ਤਿਆਰ ਕੀਤੇ ਗਏ ਸਨ। ਪ੍ਰਦਰਸ਼ਨੀ ਦਾ ਉਦਘਾਟਨ ਮੈਕੀਨੇ ਦੇ ਮੇਅਰ ਜਾਰਜ ਫੂਲਰ ਨੇ ਕੀਤਾ ਜਿਨਾਂ ਨੇ ਹਰ ਸਾਲ 30 ਅਪਰੈਲ ਨੂੰ ‘ਦਰਸ਼ਨ ਦਿਵਸ’ ਵਜੋਂ ਮਨਾਉਣ ਦਾ ਐਲਾਨ ਵੀ ਕੀਤਾ। ਪ੍ਰਬੰਧਕਾਂ ਨੇ ਦਸਿਆ ਕਿ ਪ੍ਰਦਰਸ਼ਨੀ ਦਾ ਮਕਸਦ ਹਿੰਦੂ ਸਭਿਆਚਾਰ ਨੂੰ ਉਤਸ਼ਾਹਿਤ ਕਰਨਾ ਹੈ। ਪ੍ਰਦਰਸ਼ਨੀ ਵੇਖਣ ਆਏ ਮਹਿਮਾਨਾਂ ਨੇ ਚਿੱਤਰਾਂ ਨਾਲ ਸਬੰਧਤ ਸਵਾਲ ਵੀ ਪੁੱਛੇ ਜਿਨਾਂ ਦੇ ਜਵਾਬ ਵਾਲੰਟੀਅਰਾਂ ਵੱਲੋਂ ਦਿੱਤੇ ਗਏ। ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਚੁਣੇ ਹੋਏ ਅਧਿਕਾਰੀਆਂ, ਸਮਾਜਿਕ ਆਗੂਆਂ, ਲਾਅ ਇਨਫੋਰਸਮੈਂਟ ਅਧਿਕਾਰੀਆਂ ਤੇ ਧਾਰਮਿੱਕ ਪ੍ਰਤੀਨਿੱਧੀਆਂ ਨੇ ਹਿੱਸਾ ਲਿਆ ।
ਕੈਪਸ਼ਨ : ਹਿੰਦੂ ਸਭਿਅਤਾ ਨਾਲ ਸਬੰਧਤ ਲਾਈ ਗਈ ਪ੍ਰਦਰਸ਼ਨੀ ਦਾ ਇਕ ਦ੍ਰਿਸ਼

ਬਹਾਮਾਸ ਦੇ ਹੋਟਲ ਵਿਚ ਮਰੇ 3 ਅਮਰੀਕੀਆਂ ਦੀ ਹੋਈ ਪਛਾਣ, ਮੌਤ ਦੇ ਕਾਰਨਾਂ ਦਾ ਅਜੇ ਨਹੀਂ ਲੱਗਾ ਪਤਾ
ਸੈਕਰਾਮੈਂਟੋ 10 ਮਈ (ਹੁਸਨ ਲੜੋਆ ਬੰਗਾ)- ਬਹਾਮਾਸ ਪੁਲਿਸ ਨੇ ਕਿਹਾ ਹੈ ਕਿ ਸੰਦਲਜ਼ ਰਿਜ਼ਾਰਟ ਵਿਚ ਠਹਿਰੇ ਦੋ ਅਮਰੀਕੀ ਜੋੜਿਆਂ ਦਾ ਇਲਾਜ਼ ਕੀਤਾ ਗਿਆ ਸੀ ਜਿਨਾਂ ਵਿਚੋਂ ਤਿੰਨ ਦੀ ਮੌਤ ਹੋ ਗਈ। ਪੁਲਿਸ ਕਮਿਸ਼ਨਰ ਪੌਲ ਰੋਲ ਨੇ ਕਿਹਾ ਹੈ ਕਿ ਇਹ ਫਲੋਰੀਡਾ ਤੇ ਟੈਨੇਸੀ ਦੇ ਰਹਿਣ ਵਾਲੇ ਸਨ। ਉਨਾਂ ਕਿਹਾ ਕਿ ਮ੍ਰਿਤਕਾਂ ਦੀ ਪਛਾਣ 64 ਸਾਲਾ ਵਿਨਸੈਟ ਪੌਲ ਚੀਆਰੇਲਾ , 68 ਸਾਲਾ ਮਾਈਕਲ ਫਿਲਿਪਸ ਤੇ 65 ਸਾਲਾ ਰੌਬੀ ਫਿਲਪਸ ਵਜੋਂ ਹੋਈ ਹੈ ਜਦ ਕਿ ਚੀਆਰੇਲਾ ਦੀ ਪਤਨੀ ਨੂੰ ਪਹਿਲਾਂ ਬਹਾਮਾਸ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰੰਤੂ ਬਾਅਦ ਵਿਚ ਹੈਲੀਕਾਪਟਰ ਰਾਹੀਂ ਉਸ ਨੂੰ ਗੰਭੀਰ ਹਾਲਤ ਵਿਚ ਫਲੋਰੀਡਾ ਦੇ ਹਸਪਤਾਲ ਵਿਚ ਲਿਜਾਇਆ ਗਿਆ। ਕਮਿਸ਼ਨਰ ਨੇ ਕਿਹਾ ਕਿ ਉਹ ਮੌਤਾਂ ਦੇ ਕਾਰਨਾਂ ਬਾਰੇ ਕੋਈ ਅੰਦਾਜਾ ਨਹੀਂ ਲਾਉਣਾ ਚਹੁੰਦੇ ਤੇ ਇਸ ਸਬੰਧੀ ਪੁਲਿਸ ਤੇ ਸਿਹਤ ਅਧਿਕਾਰੀ ਜਾਂਚ ਕਰ ਰਹੇ ਹਨ। ਦੂਸਰੇ ਪਾਸੇ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਉਹ ਜਾਂਚ ਉਪਰ ਨੇੜਿਉਂ ਨਜਰ ਰੱਖ ਰਿਹਾ ਹੈ।



