ਓ.ਡੀ.ਐੱਫ. ਪਲੱਸ ਪ੍ਰੋਗਰਾਮ ਲਾਗੂ ਕਰਨ ਲਈ ਦੇਸ਼ ਦੇ 60 ਜ਼ਿਲ੍ਹਿਆਂ ਵਿੱਚ ਵੀ ਮੋਗਾ ਦੀ ਚੋਣ
ਲੋਕਾਂ ਦੀ ਭਾਗੀਦਾਰੀ ਨਾਲ ਜ਼ਿਲ੍ਹਾ ਮੋਗਾ ਨੂੰ ਦੇਸ਼ ਦਾ ਸਭ ਤੋਂ ਸਵੱਛ ਜ਼ਿਲ੍ਹਾ ਬਣਾਇਆ ਜਾਵੇਗਾ – ਡਿਪਟੀ ਕਮਿਸ਼ਨਰ

ਮੋਗਾ (ਹਰਪਾਲ ਸਹਾਰਨ) : ਲੋਕਾਂ ਦੀ ਭਾਗੀਦਾਰੀ ਨਾਲ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਨੂੰ ਸਫਲ ਕਰਨ ਲਈ ਜ਼ਿਲ੍ਹਾ ਮੋਗਾ ਦੀ ਦੇਸ਼ ਭਰ ਵਿੱਚ ਸ਼ਲਾਘਾ ਹੋਈ ਹੈ। ਇਸੇ ਕਰਕੇ ਭਾਰਤ ਸਰਕਾਰ ਵੱਲੋਂ ਅੱਜ ਵਿਸ਼ਵ ਪਖ਼ਾਨਾ ਦਿਵਸ ਮੌਕੇ ਜ਼ਿਲ੍ਹਾ ਮੋਗਾ ਨੂੰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਮਾਗਮ ਪੂਰੇ ਦੇਸ਼ ਵਿੱਚ ਆਨਲਾਈਨ ਕਰਵਾਇਆ ਗਿਆ। ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਤੋਂ ਇਹ ਪੁਰਸਕਾਰ ਪ੍ਰਾਪਤ ਕੀਤਾ। ਇਸ ਮੌਕੇ ਕੇਂਦਰੀ ਰਾਜ ਮੰਤਰੀ ਸ਼੍ਰੀ ਰਤਨ ਲਾਲ ਕਟਾਰੀਆ ਵੀ ਹਾਜ਼ਰ ਸਨ।
ਸਮਾਗਮ ਦੌਰਾਨ ਕੇਂਦਰੀ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਪੇਂਡੂ ਖੇਤਰਾਂ ਨੂੰ ਖੁੱਲ੍ਹੇਆਮ ਪਖ਼ਾਨਾ ਮੁਕਤ ਕਰਨ ਲਈ ਕੀਤੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਾਕੀ ਜ਼ਿਲ੍ਹਿਆਂ ਨੂੰ ਵੀ ਮੋਗਾ ਵਰਗੇ ਜ਼ਿਲ੍ਹੇ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।
ਸ਼੍ਰੀ ਹੰਸ ਨੇ ਇਸ ਸਨਮਾਨ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ, ਸਟਾਫ ਅਤੇ ਲੋਕਾਂ ਨੂੰ ਵਧਾਈ ਦਿੰਦਿਆਂ ਜ਼ਿਲ੍ਹਾ ਮੋਗਾ ਦੇ ਇਸ ਸਨਮਾਨ ਨੂੰ ਬਰਕਰਾਰ ਰੱਖਿਆ ਜਾਵੇਗਾ। ਉਹਨਾਂ ਦੱਸਿਆ ਕਿ ਬੇਹਤਰੀਨ ਕਾਰਗੁਜ਼ਾਰੀ ਨੂੰ ਦੇਖਦਿਆਂ ਭਾਰਤ ਸਰਕਾਰ ਦੇ ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਮੰਤਰਾਲੇ ਨੇ ਜ਼ਿਲ੍ਹਾ ਮੋਗਾ ਦੀ ਚੋਣ ਉਹਨਾਂ 60 ਜ਼ਿਲ੍ਹਿਆਂ ਵਿੱਚ ਵੀ ਕੀਤੀ ਹੈ, ਜਿਹਨਾਂ ਵਿੱਚ ਓ ਡੀ ਐੱਫ ਪਲੱਸ ਪ੍ਰੋਗਰਾਮ ਲਾਗੂ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਹ ਪ੍ਰੋਗਰਾਮ ਵੀ ਜ਼ਿਲ੍ਹਾ ਮੋਗਾ ਦੇ ਹਰੇਕ ਪਿੰਡ ਵਿੱਚ ਲਾਗੂ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਜ਼ਿਲ੍ਹਾ ਮੋਗਾ ਨੂੰ 2 ਅਕਤੂਬਰ ਨੂੰ ਭਾਰਤ ਸਰਕਾਰ ਵੱਲੋਂ ਗੰਦਗੀ ਮੁਕਤ ਭਾਰਤ ਦੇ ਰਾਸ਼ਟਰੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਜਲ ਸ਼ਕਤੀ ਮੰਤਰਾਲੇ ਵੱਲੋਂ ਵੀ ਇਸੇ ਸਾਲ ਫਰਵਰੀ ਮਹੀਨੇ ਨਵੀਂ ਦਿੱਲੀ ਵਿਖੇ ਆਯੋਜਿਤ ਇਕ ਸਮਾਗਮ ਦੌਰਾਨ ਜ਼ਿਲ੍ਹਾ ਮੋਗਾ ਦੀ ਸਵੱਛ ਭਾਰਤ ਮਿਸ਼ਨ ਨੂੰ ਸਫਲ ਬਣਾਉਣ ਲਈ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਰਾਸ਼ਟਰੀ ਪੱਧਰ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ।
ਉਹਨਾਂ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਸਾਰੇ 364 ਪਿੰਡ ਖੁੱਲ੍ਹੇਆਮ ਪਖ਼ਾਨਾ ਮੁਕਤ ਹੋ ਗਏ ਹਨ ਅਤੇ ਇਹਨਾਂ ਸਾਰੇ ਪਿੰਡਾਂ ਵਿੱਚ ਇਸ ਸਥਿਤੀ ਨੂੰ ਲਗਾਤਾਰ ਬਣਾ ਕੇ ਵੀ ਰੱਖਿਆ ਜਾ ਰਿਹਾ ਹੈ। ਇਸ ਸਬੰਧੀ ਵਿਸ਼ਵ ਬੈਂਕ ਵੱਲੋਂ ਵਿਸ਼ਵ ਪੱਧਰੀ ਏਜੰਸੀ ਦੁਆਰਾ ਕਰਵਾਏ ਗਏ ਸਰਵੇ ਅਨੁਸਾਰ ਜ਼ਿਲ੍ਹਾ ਮੋਗਾ 100 ਫੀਸਦੀ ਖੁੱਲ੍ਹੇਆਮ ਪਖ਼ਾਨਾ ਮੁਕਤ ਹੋ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਸੈਨੀਟੇਸ਼ਨ ਅਤੇ ਆਲੇ ਦੁਆਲੇ ਦੀ ਸਫਾਈ ਦੀ ਦਰ ਵੀ 98 ਫੀਸਦੀ ਤੋਂ ਵਧੇਰੇ ਹੈ।
ਸ਼੍ਰੀ ਹੰਸ ਨੇ ਕਿਹਾ ਕਿ ਲੋਕਾਂ ਦੀ ਭਾਗੀਦਾਰੀ ਨਾਲ ਜ਼ਿਲ੍ਹਾ ਮੋਗਾ ਨੂੰ ਦੇਸ਼ ਦਾ ਸਭ ਤੋਂ ਸਵੱਛ ਜ਼ਿਲ੍ਹਾ ਬਣਾਇਆ ਜਾਵੇਗਾ। ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੰਤਵ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ। ਇਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਐਕਸੀਅਨ ਕਾਰਤਿਕ ਜਿੰਦਲ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।





