ਮਹਿੰਗਾਈ ਸੱਤਵੇਂ ਆਸਮਾਨ ਤੇ ਪਹੁੰਚ ਚੁੱਕੀ ਹੈ ਤੇ ਮੋਦੀ ਸਰਕਾਰ ਨੂੰ ਕੋਈ ਫ਼ਿਕਰ ਨਹੀਂ : ਸਦੀਕ

ਨਾਭਾ (ਸੁਖਚੈਨ ਲੁਬਾਣਾ) : ਨਾਭਾ ਵਿਖੇ ਪਹੁੰਚੇ ਸੰਸਦ ਮੈਂਬਰ ਅਤੇ ਵਿਸ਼ਵ ਰਬਾਬੀ ਮਰਦਾਨਾ ਜੀ ਵੈੱਲਫੇਅਰ ਸੋਸਾਇਟੀ ਦੇ ਸਰਪ੍ਰਸਤ ਮੁਹੰਮਦ ਸਦੀਕ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੇ ਕੀਤੇ ਸ਼ਬਦੀ ਹਮਲੇ। ਉਨ੍ਹਾਂ ਮੋਦੀ ਸਰਕਾਰ ਤੇ ਤੰਜ ਕੱਸਦਿਆਂ ਕਿਹਾ ਕਿ ਬੇਸ਼ੱਕ ਕੇਂਦਰ ਵਿੱਚ ਉਨ੍ਹਾਂ ਦਾ ਪੂਰਾ ਬਹੁਮਤ ਹੈ ਜੋ ਮਰਜ਼ੀ ਕਰ ਸਕਦੇ ਨੇ ਬਿਲ ਲਿਆ ਸਕਦੇ ਨੇ ਅਤੇ ਪੇਸ਼ ਕਰ ਸਕਦੇ ਨੇ ਪਰ ਕੇਂਦਰ ਨੇ ਕਿਸਾਨਾਂ ਦੇ ਨਾਲ ਪੰਗਾ ਲਿਆ ਹੈ ਭਰਿੰਡਾਂ ਦੇ ਖੱਖਰ ਨੂੰ ਛੇੜ ਲਾਇਆ ਹੈ, ਕੇਂਦਰ ਸਰਕਾਰ ਕਾਮਯਾਬ ਨਹੀਂ ਹੋਵੇਗੀ ਕਿਸਾਨ ਕਾਮਯਾਬ ਹੋਣਗੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਹੰਮਦ ਸਦੀਕ ਨੇ ਕਿਹਾ ਕਿ ਅਸੀਂ ਅਮਰੀਕਾ ਤੋਂ ਕਣਕ ਮੰਗਵਾ ਮੰਗਵਾ ਕੇ ਖਾਂਦੇ ਰਹੇ ਹਾਂ ਪਰ ਜਦੋਂ ਕਿਸਾਨ ਖੁਦ ਖੇਤੀਬਾੜੀ ਕਰਕੇ ਸਾਰੇ ਦੇਸ਼ ਦਾ ਢਿੱਡ ਭਰਨ ਲੱਗ ਗਿਆ ਹੁਣ ਕਿਸਾਨਾਂ ਨੂੰ ਰੋਲਿਆ ਜਾ ਰਿਹਾ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਕਹਿ ਰਹੇ ਨੇ ਕਿ ਕਾਨੂੰਨਾਂ ਦੇ ਵਿਚ ਕਾਲਾ ਕੀ ਹੈ ਜਿਸ ਦਾ ਜਵਾਬ ਦਿੰਦਿਆਂ ਮੁਹੰਮਦ ਸਦੀਕ ਨੇ ਕਿਹਾ ਕਿ ਕਾਲੇ ਵਿੱਚੋਂ ਕਾਲਾ ਕੀ ਲੱਭੇਗਾ। ਇਸ ਦੇ ਵਿੱਚ ਕੁਝ ਚੰਗਾ ਹੀ ਨਹੀਂ। ਜਿਹੜੇ ਕਿਸਾਨਾਂ ਨੇ ਸੱਪਾਂ ਦੀਆਂ ਸਿਰੀਆਂ ਮਿੱਧ ਮਿੱਧ ਕੇ ਕਿਸਾਨੀ ਨੂੰ ਪ੍ਰਫੁੱਲਤ ਕੀਤਾ ਹੈ ਅਤੇ ਹੁਣ ਉਹੀ ਕਿਸਾਨਾਂ ਨੂੰ ਮੋਦੀ ਸਰਕਾਰ ਕੁਚਲ ਰਹੀ ਹੈ, ਪਰ ਮੋਦੀ ਸਰਕਾਰ ਕਿੰਨਾ ਕੁ ਸਮੇਂ ਤਕ ਕਿਸਾਨਾਂ ਦੇ ਅੱਗੇ ਆਪਣਾ ਮਾੜਾ ਵਤੀਰਾ ਰੱਖੇਗਾ ਇੱਕ ਨਾ ਇੱਕ ਦਿਨ ਉਹਨੂੰ ਜ਼ਰੂਰ ਝੱਕਣਾ ਪਵੇਗਾ।
ਮੁਹੰਮਦ ਸਦੀਕ ਨੇ ਨਰਿੰਦਰ ਮੋਦੀ ਤੇ ਵਾਰ ਕਰਦਿਆਂ ਕਿਹਾ ਕਿ ਜਦੋਂ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਹ ਸਬਸਿਡੀਆਂ ਦੀ ਗੱਲ ਕਰਦੇ ਸੀ ਅਤੇ ਜਦੋਂ ਥੋੜ੍ਹਾ ਜਿਹਾ ਵੀ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੁੰਦਾ ਤੇ ਹਾਹਾਕਾਰ ਮਚਾ ਦਿੰਦੇ ਸੀ ਅਤੇ ਅੱਜ ਮਹਿੰਗਾਈ ਸੱਤਵੇਂ ਆਸਮਾਨ ਤੇ ਪਹੁੰਚ ਚੁੱਕੀ ਹੈ ਇਸ ਦਾ ਮੋਦੀ ਸਰਕਾਰ ਨੂੰ ਕੋਈ ਫ਼ਿਕਰ ਨਹੀਂ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸਾਡੇ ਸਾਂਸਦਾਂ ਦਾ ਫੰਡ ਰਿਲੀਜ਼ ਨਹੀਂ ਕਰ ਰਹੀ ਪਿਛਲੇ ਦੋ ਸਾਲਾਂ ਤੋਂ ਬੰਦ ਕਰ ਦਿੱਤਾ ਗਿਆ ਹੈ। ਅਸੀਂ ਪਿੰਡਾਂ ਦੇ ਵਿੱਚ ਵੜਣ ਜੋਗੇ ਵੀ ਨਹੀਂ ਛੱਡੇ।
ਕੈਪਟਨ ਸਰਕਾਰ ਦੀ 4 ਸਾਲਾਂ ਦੀ ਕਾਰਗੁਜ਼ਾਰੀ ਤੇ ਬੋਲਦਿਆਂ ਮੁਹੰਮਦ ਸਦੀਕ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਪਿਛਲੇ 4 ਸਾਲਾਂ ਦੇ ਦੌਰਾਨ ਵਿਕਾਸ ਦੇ ਕੰਮ ਕੀਤੇ ਹਨ ਪਰ ਅਕਾਲੀ ਦਲ ਦੇ ਵੱਲੋਂ ਖਜ਼ਾਨਾ ਖਾਲੀ ਕਰ ਦਿੱਤਾ ਗਿਆ ਸੀ ਕੈਪਟਨ ਸਾਹਿਬ ਦੀ ਸੂਝ ਬੂਝ ਦੇ ਨਾਲ ਪੰਜਾਬ ਤਰੱਕੀ ਦੀ ਰਾਹ ਤੇ ਹੈ।
ਐਫ.ਸੀ.ਆਈ ਦੇ ਵੱਲੋਂ ਸਿੱਧੀ ਅਦਾਇਗੀ ਕਿਸਾਨਾਂ ਦੇ ਖਾਤੇ ਵਿੱਚ ਪਾਉਣ ਤੇ ਮੁਹੰਮਦ ਸਦੀਕ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਕੇਂਦਰ ਦਾ ਇਹ ਫ਼ੈਸਲਾ ਚੰਗਾ ਨਹੀਂ ਹੈ, ਇਸ ਦੇ ਨਾਲ ਸਾਰੇ ਹੀ ਵਰਗਾਂ ਤੇ ਬੁਰਾ ਪ੍ਰਭਾਵ ਪਵੇਗਾ ਆਡ਼੍ਹਤੀਆ, ਵਪਾਰੀ, ਮਜ਼ਦੂਰ, ਕਿਸਾਨ ਸਾਰੇ ਹੀ ਰੁਲ ਜਾਣਗੇ। ਪਰ ਕੇਂਦਰ ਨਕਲ ਤਾਂ ਅਮੈਰਿਕਾ, ਕਨੇਡਾ ਦੀ ਕਰ ਰਹੀ ਹੈ ਪਰ ਉਹ ਸਹੂਲਤਾਂ ਲੋਕਾਂ ਤੱਕ ਨਹੀਂ ਦੇ ਰਹੇ।





