ਸੈਕਰਾਮੈਂਟੋ 1 ਮਾਰਚ (ਹੁਸਨ ਲੜੋਆ ਬੰਗਾ)- ਲੰਘੇ ਵੀਰਵਾਰ ਨਿਊਯਾਰਕ ਦੇ ਇਕ ਸਬ ਸਟੇਸ਼ਨ ‘ਤੇ ਸਿਰ ਉਪਰ ਹਥੌੜੇ ਨਾਲ ਵਾਰ ਕਰਕੇ ਇਕ ਔਰਤ ਨੂੰ ਲੁੱਟਣ ਵਾਲੇ ਸ਼ੱਕੀ ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਹ ਜਾਣਕਾਰੀ ਨਿਊਯਾਰਕ ਸਿਟੀ ਪੁਲਿਸ ਵਿਭਾਗ ਨੇ ਦਿੱਤੀ ਹੈ। ਇਹ ਘਟਨਾ ਕੁਈਨਜ ਪਲਾਜ਼ਾ ਸਬਵੇਅ ਸਟੇਸ਼ਨ ਉਪਰ ਹੋਈ ਸੀ। ਔਰਤ ਦੇ ਦਿਮਾਗ ‘ਤੇ ਸੱਟ ਵੱਜੀ ਹੈ ਤੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਗ੍ਰਿਫਤਾਰ ਸ਼ੱਕੀ ਹਮਲਾਵਰ ਦੀ ਪਛਾਣ 57 ਸਾਲਾ ਵਿਲੀਅਮ ਬਲੌਂਟ ਵਜੋਂ ਹੋਈ ਹੈ। ਸ਼ਹਿਰ ਵਿਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਡੂੰਘਾਈ ਨਾਲ ਜਾਂਚ ਪੜਤਾਲ ਉਪਰੰਤ ਸ਼ੱਕੀ ਵਿਅਕਤੀ ਦੀ ਗ੍ਰਿਫਤਾਰੀ ਸੰਭਵ ਹੋਈ ਹੈ। ਪੁਲਿਸ ਨੇ ਸ਼ੱਕੀ ਵਿਅਕਤੀ ਦੀ ਗ੍ਰਿਫਤਾਰੀ ਲਈ 3500 ਡਾਲਰ ਦਾ ਇਨਾਮ ਵੀ ਰੱਖਿਆ ਸੀ। ਸ਼ੱਕੀ ਵਿਰੁੱਧ ਕਤਲ ਦੀ ਕੋਸ਼ਿਸ ਕਰਨ ਤੇ ਲੁੱਟਖੋਹ ਕਰਨ ਦੇ ਦੋਸ਼ ਲਾਏ ਗਏ ਹਨ।







