16.8 C
Chandigarh

TODAY NOW NEWS

Friday, March 20, 2026
HomeBREAKING NEWSਕੀ ਕੁਲਵੰਤ ਸਿੰਘ ਕੀਤੂ ਹਲਕਾ ਬਰਨਾਲਾ ਦੀ ਸੀਟ ਸ਼੍ਰੋਮਣੀ ਅਕਾਲੀ ਦਲ ਦੀ...

ਕੀ ਕੁਲਵੰਤ ਸਿੰਘ ਕੀਤੂ ਹਲਕਾ ਬਰਨਾਲਾ ਦੀ ਸੀਟ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਉਣ ਚ ਹੋ ਸਕਣਗੇ ਕਾਮਯਾਬ ?


ਬਰਨਾਲਾ, 26 ਅਗਸਤ (ਮੱਘਰ ਪੁਰੀ):- 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਜਿਲਾ ਬਰਨਾਲਾ ਦੀਆਂ ਤਿੰਨੋਂ ਸੀਟਾਂ ਤੋਂ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਜਿਲੇ ਵਿੱਚ ਹੋਈ ਹਾਰ ਪ੍ਰਤੀ ਗੰਭੀਰਤਾ ਦਿਖਾਉਣ ਦੀ ਬਜਾਏ ਪਿਛਲੇ ਸਾਢੇ ਚਾਰ ਸਾਲਾਂ ਦੋਰਾਨ ਜਿਲਾ ਪੱਧਰ ਖਾਸਕਰ ਹਲਕਾ ਬਰਨਾਲਾ ਵਿੱਚ ਲੋਕ ਸਮੱਸਿਆਵਾਂ ਤੋਂ ਪੂਰੀ ਤਰ੍ਹਾਂ ਦੂਰੀ ਵੱਟੀ ਰੱਖੀ ਅਤੇ ਹਲਕੇ ਦੀ ਲੀਡਰਸ਼ਿਪ ਸਿਰਫ ਪਾਰਟੀ ਵਲੋਂ ਦਿੱਤੇ ਗਏ ਪ੍ਰੋਗਰਾਮਾਂ ਜਿਵੇਂ ਕਿ ਸੂਬਾ ਪੱਧਰੀ ਮਸਲਿਆਂ ਤੇ ਸਮੱਸਿਆਵਾਂ ਸੰਬੰਧੀ ਧਰਨੇ ਅਤੇ ਰੋਸ ਪ੍ਰਦਰਸ਼ਨਾ ਤੱਕ ਹੀ ਸੀਮਤ ਰਹੀ।

ਪਿਛਲੇ ਸਾਢੇ ਚਾਰ ਸਾਲਾਂ ਤੋਂ ਸੂਬੇ ਵਿੱਚ ਕਾਂਗਰਸ ਸਰਕਾਰ ਦੇ ਚੱਲਦਿਆਂ ਹਲਕਾ ਬਰਨਾਲਾ ਕਾਫੀ ਸਮੱਸਿਆਵਾਂ ਨਾਲ ਘਿਰਿਆ ਰਿਹਾ। ਭਾਵੇਂ ਕਿ ਪੂਰਾ ਮੁਲਕ ਪਿਛਲੇ ਡੇਢ ਸਾਲ ਤੋਂ ਕਰੋਨਾ ਮਹਾਂਮਾਰੀ ਨਾਲ ਜੂਝ ਰਿਹਾ ਹੈ ਪਰ ਜੇਕਰ ਸ਼ਹਿਰ ਬਰਨਾਲਾ ਦੀ ਗੱਲ ਕੀਤੀ ਜਾਵੇ ਤਾ ਇੱਥੇ ਜਿਲੇ ਦਾ ਇੱਕੋ ਇੱਕ ਵੱਡਾ ਸਿਵਲ ਹਸਪਤਾਲ ਹੈ ਅਤੇ ਇਸ ਹਸਪਤਾਲ ਵਿੱਚ ਸਿਹਤ ਸਹੂਲਤਾਂ ਦੀ ਘਾਟ ਨੂੰ ਲੈ ਕੇ ਅਤੇ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ, ਡਾਕਟਰਾਂ ਦੀ ਘਾਟ, ਮਸ਼ੀਨਰੀ ਦੀ ਘਾਟ ਅਤੇ ਹੋਰ ਘਾਟਾ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਵਲੋਂ ਚੁੱਕਿਆ ਗਿਆ ਕੋਈ ਵੀ ਮੁੱਦਾ ਸਾਹਮਣੇ ਨਹੀਂ ਆਇਆ। ਇਸੇ ਤਰ੍ਹਾਂ ਲੋਕਾਂ ਦੀਆਂ ਹੋਰ ਸਮੱਸਿਆਵਾਂ ਜਿਵੇ ਕਿ ਜਿਲਾ ਪੱਧਰੀ ਦਫਤਰਾਂ ਦੀ ਘਾਟ, ਵਾਹਨਾਂ ਦੀ ਪਾਰਕਿੰਗ, ਟੁੱਟੀਆਂ ਸੜਕਾਂ, ਮੀਂਹ ਅਤੇ ਸੀਵਰੇਜ ਦੀ ਗੰਦੇ ਪਾਣੀ ਦੀ ਨਿਕਾਸੀ, ਸਰਕਾਰੀ ਦਫਤਰਾਂ ਵਿੱਚ ਲੋਕਾਂ ਨੂੰ ਕੰਮਾ ਪ੍ਰਤੀ ਆ ਰਹੀਆਂ ਮੁਸ਼ਕਲਾਂ ਅਤੇ ਹੋ ਰਹੀ ਖੱਜਲ ਖੁਆਰੀ ਤੋਂ ਇਲਾਵਾ ਦਫਤਰਾਂ ਵਿੱਚ ਫੈਲੇ ਭ੍ਰਿਸ਼ਟਾਚਾਰ ਪ੍ਰਤੀ ਵੀ ਆਕਾਲੀ ਆਗੂ ਚੁੱਪ ਰਹੇ। ਸ:ਕੁਲਵੰਤ ਸਿੰਘ ਕੀਤੂ ਭਾਵੇਂ ਕਿ ਪਿਛਲੇ ਤਿੰਨ ਸਾਲਾਂ ਤੋਂ ਹਲਕਾ ਬਰਨਾਲਾ ਦੇ ਇੰਚਾਰਜ ਦੇ ਤੌਰ ਤੇ ਕੰਮ ਕਰ ਰਹੇ ਹਨ ਤੇ ਹੁਣ ਪਾਰਟੀ ਵਲੋਂ ਇੰਨਾਂ ਨੂੰ ਹਲਕੇ ਦੇ ਮੁੱਖ ਸੇਵਾਦਾਰ ਬਣਾ ਕੇ ਇੰਕ ਢੰਗ ਨਾਲ ਟਿਕਟ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਨਾਲ ਭਾਵੇ ਹਲਕਾ ਬਰਨਾਲਾ ਤੋਂ ਟਿਕਟ ਦੇ ਹੋਰ ਦਾਅਵੇਦਾਰਾਂ ਨੇ ਇੱਕ ਵਾਰ ਚੁੱਪੀ ਧਾਰ ਲਈ ਹੈ ਪਰ ਜਿਸ ਢੰਗ ਨਾਲ ਜਿਲੇ ਵਿੱਚ ਪਾਰਟੀ ਦੇ ਸੀਨੀਅਰ ਆਗੂਆਂ ਦੀ ਅੰਦਰਖਾਤੇ ਆਪਸੀ ਨਾਰਾਜ਼ਗੀ ਚੱਲ ਰਹੀ ਹੈ, ਜੋ ਹੋਲੀ ਹੋਲੀ ਜੱਗ ਜ਼ਾਹਰ ਵੀ ਹੋ ਰਹੀ ਹੈ, ਨੂੰ ਜੇਕਰ ਰੋਕਣ ਦਾ ਯਤਨ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਕੁਝ ਵੀ ਹੋ ਸਕਦਾ ਹੈ। ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ ਜਿੰਨਾਂ ਦਾ ਸਮਾਂ ਬਹੁਤ ਹੀ ਥੋੜਾ ਰਹਿ ਗਿਆ ਹੈ, ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਹਲਕਾ ਬਰਨਾਲਾ ਤੋ ਜਿੱਤਣ ਲਈ ਕਾਫੀ ਮਸ਼ੱਕਤ ਕਰਨੀ ਪਵੇਗੀ। ਇਸ ਲਈ ਇਹ ਦੇਖਣਯੋਗ ਹੋਵੇਗਾ ਕਿ ਹਲਕਾ ਵਿੱਚ ਲੋਕ ਸਮੱਸਿਆਵਾਂ ਤੋਂ ਦੂਰੀ ਅਤੇ ਆਪਣਿਆ ਦੀ ਨਾਰਾਜ਼ਗੀ ਦੇ ਚੱਲਦਿਆਂ ਕਿ ਕੁਲਵੰਤ ਸਿੰਘ ਕੀਤੂ ਹਲਕਾ ਬਰਨਾਲਾ ਦੀ ਸੀਟ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਉਣ ਵਿੱਚ ਕਾਮਯਾਬ ਹੋ ਸਕਣਗੇ।

Today Now News

RELATED ARTICLES
- Advertisment -

POPULAR POSTS