ਨਵੀਂ ਦਿੱਲੀ : ਪਿਛਲੇ ਕੁਝ ਦਿਨਾਂ ਤੋਂ ਬਗਾਵਤ ਦਾ ਸਾਹਮਣਾ ਕਰ ਰਹੀ ਸ਼ਿਵ ਸੈਨਾ ਦੇ ਸਾਹਮਣੇ ਚੁਣੌਤੀ ਬਗਾਵਤ ਨੂੰ ਰੋਕਣ ਅਤੇ ਪਾਰਟੀ ਦੇ ਚੋਣ ਨਿਸ਼ਾਨ ਨੂੰ ਬਚਾਉਣ ਦੀ ਹੈ। ਮਹਾਰਾਸ਼ਟਰ ਸਰਕਾਰ ‘ਚ ਮੰਤਰੀ ਰਹੇ ਏਕਨਾਥ ਸ਼ਿੰਦੇ ਦੀ ਅਗਵਾਈ ‘ਚ ਸ਼ਿਵ ਸੈਨਾ ਦੇ ਕਈ ਵਿਧਾਇਕਾਂ ਦੇ ਬਗਾਵਤ ਤੋਂ ਬਾਅਦ ਊਧਵ ਠਾਕਰੇ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਏਕਨਾਥ ਸ਼ਿੰਦੇ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਊਧਵ ਧੜੇ ਦੇ ਆਗੂ ਲਗਾਤਾਰ ਪੱਖ ਬਦਲ ਰਹੇ ਹਨ। ਇਸ ਦੌਰਾਨ ਸ਼ਿਵ ਸੈਨਾ ਦੇ ਸੀਨੀਅਰ ਨੇਤਾ ਸੰਜੇ ਰਾਉਤ ਨੇ ਕਿਹਾ ਕਿ ਪਾਰਟੀ ਚੋਣ ਨਿਸ਼ਾਨ ਅਤੇ ਸੰਗਠਨ ਦੇ ਕੰਟਰੋਲ ਨੂੰ ਲੈ ਕੇ ਲੜਨ ਲਈ ਤਿਆਰ ਹੈ। ਪੱਤਰਕਾਰਾਂ ਨਾਲ ਗੱਲਬਾਤ ਵਿੱਚ ਰਾਉਤ ਨੇ ਇਹ ਵੀ ਦਾਅਵਾ ਕੀਤਾ ਕਿ ਭਾਜਪਾ ਮਹਾਰਾਸ਼ਟਰ ਨੂੰ ਤਿੰਨ ਟੁਕੜਿਆਂ ਵਿੱਚ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਹ ਭਗਵਾ ਪਾਰਟੀ ਦੀ ਸ਼ਿਵ ਸੈਨਾ ਨੂੰ ਤੋੜਨ ਦੀ ਸਾਜ਼ਿਸ਼ ਦਾ ਹਿੱਸਾ ਹੈ।





