ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਥਾਣਾ ਡਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਅਰਸ਼ਦੀਪ ਸਿੰਘ ਖ਼ਿਲਾਫ਼ ਮੁਕਦਮਾ ਦਰਜ ਕੀਤਾ

ਲੁਧਿਆਣਾ,ਜਸਵੀਰ ਰਾਣੂ : ਮੰਗਣੀ ਕੀ,ਟੁੱਟੀ ਗੁੱਸੇ ‘ਚ ਆ ਕੇ ਉਸ ਨੇ ਬੁਟੀਕ ‘ਤੇ ਜਾ ਰਹੀ ਕੁੜੀ ਨੂੰ ਰਸਤੇ ‘ਚੋਂ ਹੀ ਅਗਵਾ ਕਰ ਲਿਆ। ਇਸ ਮਾਮਲੇ ‘ਚ ਥਾਣਾ ਡਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਨਾਗਪੁਰ ਦੇ ਰਹਿਣ ਵਾਲੇ ਲੜਕੀ ਦੇ ਪਿਤਾ ਪ੍ਰਿਤਪਾਲ ਸਿੰਘ ਦੇ ਬਿਆਨਾਂ ‘ਤੇ ਲੁਧਿਆਣਾ ਦੇ ਵਾਸੀ ਅਰਸ਼ਦੀਪ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ 22 ਵਰ੍ਹਿਆਂ ਦੀ ਧੀ ਦੀ ਮੰਗਣੀ 5 ਅਗਸਤ ਨੂੰ ਲੁਧਿਆਣਾ ਕੋਹੇਨੂਰ ਹੋਟਲ ‘ਚ ਕੀਤੀ ਸੀ। ਮੰਗਣੀ ਦੇ ਕੁਝ ਦਿਨਾਂ ਬਾਅਦ ਹੀ ਲੜਕੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਨੌਜਵਾਨ ਦੇ ਸਬੰਧੀ ਕੁਝ ਜਾਣਕਾਰੀਆਂ ਮਿਲੀਆਂ, ਜਿਸ ਤੋਂ ਬਾਅਦ ਉਨ੍ਹਾਂ ਨੇ ਮੰਗਣੀ ਤੋੜ ਦਿੱਤੀ।
ਇਸ ਦੌਰਾਨ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਹ ਧਮਕੀ ਦਿੱਤੀ ਗਈ ਕਿ ਜੇਕਰ ਕੁੜੀ ਦਾ ਵਿਆਹ ਅਰਸ਼ਦੀਪ ਨਾਲ ਨਾ ਕੀਤਾ ਗਿਆ ਤਾਂ ਉਹ ਲੜਕੀ ਨੂੰ ਚੁੱਕ ਕੇ ਲੈ ਜਾਣਗੇ। ਪ੍ਰਿਤਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਾਮ ਵੇਲੇ ਉਨ੍ਹਾਂ ਦੀ ਬੇਟੀ ਬੁਟੀਕ ‘ਤੇ ਜਾ ਰਹੀ ਸੀ। ਇਸੇ ਦੌਰਾਨ ਉਹ ਸ਼ੱਕੀ ਹਾਲਾਤਾਂ ‘ਚ ਗਾਇਬ ਹੋ ਗਈ। ਪ੍ਰਿਤਪਾਲ ਸਿੰਘ ਨੇ ਖ਼ਦਸ਼ਾ ਜ਼ਾਹਰ ਕੀਤਾ ਕਿ ਉਨ੍ਹਾਂ ਦੀ ਬੇਟੀ ਨੂੰ ਅਰਸ਼ਦੀਪ ਨੇ ਹੀ ਅਗਵਾ ਕੀਤਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਥਾਣਾ ਡਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਅਰਸ਼ਦੀਪ ਸਿੰਘ ਖ਼ਿਲਾਫ਼ ਮੁਕਦਮਾ ਦਰਜ ਕੀਤਾ ਗਿਆ ਹੈ।






