
ਖੰਨਾ, 10 ਜਨਵਰੀ (ਪਰਮਜੀਤ ਸਿੰਘ ਧੀਮਾਨ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਯਾਦ ਵਿਚ 26 ਦਸੰਬਰ ਨੂੰ ਵੀਰ ਬਾਲ ਦਿਵਸ ਦੇ ਰੂਪ ਵਿਚ ਮਨਾਉਣ ਦੇ ਕੇਂਦਰ ਸਰਕਾਰ ਦੇ ਫੈਸਲੇ ਦੀ ਵੱਖ ਵੱਖ ਵਰਗਾਂ ਵੱਲੋਂ ਸ਼ਲਾਘਾ ਕੀਤੀ ਗਈ। ਯੂਥ ਆਗੂ ਤੇ ਸਮਾਜ ਸੇਵੀ ਏਕਨੂਰ ਸਿੰਘ ਬਾਜਵਾ ਨੇ ਪ੍ਰਧਾਨ ਮੰਤਰੀ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਇਕ ਇਤਿਹਾਸਕ ਤੇ ਪੰਜਾਬੀਆਂ ਦੇ ਦਿਲ ਜਿੱਤਣ ਵਾਲਾ ਫੈਸਲਾ ਹੈ। ਜਨਤਾ ਦੇ ਸਰਕਾਰਾਂ ਨਾਲ ਮਤਭੇਦ ਹੋਣਾ ਵੱਖ ਮੁੱਦਾ ਹੈ, ਪੰਜਾਬ ਦੇ ਕਿਸਾਨਾਂ ਨੇ ਪਹਿਲਾਂ ਵੀ ਬਹੁਤ ਲੜਾਈਆਂ ਆਪਣੇ ਹੱਕਾਂ ਲਈ ਲੜੀਆਂ, ਪਰ ਇਸ ਨੂੰ ਨਿੱਜੀ ਲੜਾਈ ਨਹੀਂ ਬਨਾਉਣਾ ਚਾਹੀਦਾ। ਜੇਕਰ ਕੋਈ ਸਰਕਾਰ ਪੰਜਾਬ, ਪੰਜਾਬੀਅਤ ਤੇ ਸਿੱਖੀ ਲਈ ਚੰਗੇ ਫੈਸਲੇ ਲੈਂਦੀ ਹੈ ਤਾਂ ਉਸਦਾ ਵੀ ਸਾਨੂੰ ਸਵਾਗਤ ਕਰਨਾ ਚਾਹੀਦਾ ਹੈ। ਬਾਜਵਾ ਨੇ ਕਿਹਾ ਕਿ ਸਿੱਖਾਂ ਦੇ ਅਜੇ ਬਹੁਤ ਸਾਰੇ ਮਸਲੇ ਅਧੂਰੇ ਹਨ, ਜੇਕਰ ਮੋਦੀ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦਾ ਵੀ ਹੱਲ ਕਰਦੇ ਹਨ ਤਾਂ ਉਸ ਦਾ ਵੀ ਸਵਾਗਤ ਕੀਤਾ ਜਾਵੇਗਾ। ਇਸ ਮੌਕੇ ਭਾਜਪਾ ਆਗੂ ਗੁਰਪ੍ਰੀਤ ਸਿੰਘ ਭੱਟੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਇਸ ਫੈਸਲੇ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਅਸਲੀਅਤ ’ਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹਨ। ਉਨ੍ਹਾਂ ਸਿੱਖਾਂ ਹੀ ਨਹੀਂ ਸਗੋਂ ਹਰ ਨਾਨਕ ਨਾਮ ਲੇਵਾ ਵਿਅਕਤੀ ਦੇ ਦਿਲ ਵਿਚ ਹਮੇਸ਼ਾਂ ਜਗ੍ਹਾ ਬਣਾ ਲਈ ਹੈ।





