ਸਰਕਾਰ ਨੇ ਮੁਲਕ ਦੀ ਵਸੋਂ ਦੀ ਜਿੰਦਗੀ ਨੂੰ ਲੁਟੇਰੇ ਘਰਾਣਿਆਂ ਦੇ ਰਹਿਮੋਕਰਮ ਉੱਤੇ ਛੱਡ ਦਿੱਤਾ ਹੈ।

ਮੋਗਾ (ਹਰਪਾਲ ਸਹਾਰਨ) : ਖੇਤੀ ਮਾਰੂ ਕਾਨੂੰਨਾਂ ਖ਼ਿਲਾਫ਼ ਰੋਸ ਪ੍ਰਗਟਾ ਰਹੇ ਅੰਦੋਲਨਕਾਰੀਆਂ ਨੂੰ 26-27 ਨਵੰਬਰ ਨੂੰ ਦਿੱਲੀ ਦਾਖਲ ਨਾ ਹੋਣ ਦੇਣ ਦੇ ਸਰਕਾਰੀ ਫੈਸਲੇ ਬਾਰੇ ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਸਾਡਾ ਹੈ, ਇਹ ਧਰਤੀ ਸਾਡੀ ਹੈ, ਹੁਕਮਰਾਨ ਆਉਂਦੇ ਜਾਂਦੇ ਰਹਿੰਦੇ ਹਨ। ਅਸੀਂ ਭਾਜਪਾ ਦੀ ਹਊਮੇ ਦੇ ਭਰਮ ਤੋੜ ਦੇਵਾਂਗੇ। ਅਸੀਂ 26 ਨਵੰਬਰ ਨੂੰ ਮੋਦੀ ਦੀ ਆਕੜ ਭੰਨਾਂਗੇ, ਦਿੱਲੀ ਨੂੰ ਢਿੱਲੀ ਕਰਾਂਗੇ। ਅੱਜ ਇੱਥੇ ਰੇਲਵੇ ਸਟੇਸ਼ਨ ਲਾਗੇ ਧਰਨੇ ਨੂੰ ਸੰਬੋਧਨ ਕਰਦਿਆਂ ਕਾਮਰੇਡ ਸੂਰਤ ਸਿੰਘ, ਬਲਵੰਤ ਸਿੰਘ ਬਹਿਰਾਮਕੇ ਜਨਰਲ ਸਕੱਤਰ ਪੰਜਾਬ, ਨਛੱਤਰ ਸਿੰਘ ਪ੍ਰੇਮੀ, ਮਾਸਟਰ ਹਾਜੂਰਾ ਸਿੰਘ ਨੇ ਕਿਹਾ ਕਿ ਖੇਤੀ ਮਾਰੂ ਕਾਨੂੰਨ ਲੋਕਾਂ ਦੇ ਜਿਊਣ ਦਾ ਅਧਿਕਾਰ ਖੋਹਣ ਲਈ ਬਣਾਏ ਗਏ ਹਨ। ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦੀ ਦਲਾਲੀ ਕਰਕੇ, ਮੁਲਕ ਦੀ ਵਸੋਂ ਦੀ ਜਿੰਦਗੀ ਨੂੰ ਲੁਟੇਰੇ ਘਰਾਣਿਆਂ ਦੇ ਰਹਿਮੋਕਰਮ ਉੱਤੇ ਛੱਡ ਦਿੱਤਾ ਹੈ। ਲੋਕ ਇਸ ਮਾਰੂ ਹੱਲੇ ਨੂੰ ਪ੍ਰਵਾਨ ਨਹੀਂ ਕਰਨਗੇ। ਇਸਦੇ ਲਈ ਉਹ ਪਿਛਲੇ 47 ਦਿਨਾਂ ਤੋਂ ਅਨੁਸ਼ਾਸ਼ਤ ਅੰਦੋਲਨ ਕਰ ਰਹੇ ਹਨ, ਭਾਵੇਂ ਕਿ ਸਰਕਾਰ ਨੇ ਸੈਂਕੜੇ ਕੋਸ਼ਿਸ਼ਾਂ ਕਰਕੇ ਇਸ ਲਹਿਰ ਨੂੰ ਖਤਮ ਕਰਨ ਲਈ ਸਾਜਿਸ਼ਾਂ ਕੀਤੀਆਂ ਹਨ। ਆਗੂਆਂ ਨੇ ਕਿਹਾ ਕਿ ਪਿੰਡਾਂ ਦੇ ਲੋਕ ਉਤਸ਼ਾਹ ਨਾਲ ਦਿੱਲੀ ਜਾਣ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਹਨ। ਜੋ ਚਾਹੁੰਦੇ ਹਨ ਕਿ ਉਹਨਾਂ ਨੂੰ ਖੇਤੀ ਦੇ ਕਿੱਤੇ ਤੋਂ ਨਾ ਉਜਾੜਿਆ ਜਾਵੇ, ਕਿਉਂਕਿ ਖੇਤੀ ਸਾਡੇ ਲੋਕਾਂ ਦਾ ਹੀ ਨਹੀਂ, ਇਹ ਕੁੱਲ ਆਬਾਦੀ ਦਾ ਜੀਵਨ ਹੈ। ਲੋਕ ਆਪਣੇ ਜੀਵਨ ਨੂੰ ਖ਼ਤਮ ਨਹੀਂ ਹੋਣ ਦੇਣਗੇ। ਇਸਦੇ ਲਈ ਕਿਸੇ ਵੀ ਰੂਪ ਵਿੱਚ ਲੜਾਈ ਲੜਨੀ ਪਈ, ਉਹ ਇਸਦੇ ਲਈ ਤਿਆਰ ਹਨ। ਇਸ ਮੌਕੇ ਅੰਗਰੇਜ਼ ਸਿੰਘ ਬਹਿਰਾਮਕੇ, ਸਵਰਨ ਸਿੰਘ ਨਿਹਾਲਗੜ, ਡਾ: ਅਜੀਤ ਸਿੰਘ ਜਨੇਰ, ਰਾਜਾ ਸੰਘਾ ਡੇਅਰੀ, ਰਸ਼ਪਾਲ ਸਿੰਘ ਭਿੰਡਰ, ਬਖਸੀਸ ਸਿੰਘ ਰਾਮਗੜ ਆਦਿ ਨੇ ਵੀ ਸੰਬੋਧਨ ਕੀਤਾ।






