16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪਿੰਡ ਢੁੱਡੀਕੇ ਦੇ ਖੇਡ ਸਟੇਡੀਅਮ ਵਿੱਚ ਲੱਗੇਗੀ ਹਾਲੈਂਡ ਦੀ ਐਸਟ੍ਰੋਟਰਫ - ਰਾਣਾ...

ਪਿੰਡ ਢੁੱਡੀਕੇ ਦੇ ਖੇਡ ਸਟੇਡੀਅਮ ਵਿੱਚ ਲੱਗੇਗੀ ਹਾਲੈਂਡ ਦੀ ਐਸਟ੍ਰੋਟਰਫ – ਰਾਣਾ ਗੁਰਮੀਤ ਸਿੰਘ ਸੋਢੀ

ਖੇਡ ਮੰਤਰੀ ਵੱਲੋਂ ਮੋਗਾ ਵਿੱਚ ਅੰਤਰਰਾਸ਼ਟਰੀ ਪੱਧਰ ਦਾ ਸਵੀਮਿੰਗ ਪੂਲ ਬਣਾਉਣ ਦਾ ਐਲਾਨ
ਕਰੋਨਾ ਮਹਾਂਮਾਰੀ ਦਾ ਪ੍ਰਕੋਪ ਘਟਣ ਉੱਤੇ ਖੇਡ ਵਿੰਗ ਮੁੜ੍ਹ ਚਾਲੂ ਕੀਤੇ ਜਾਣਗੇ
ਕਿਹਾ ! ਜ਼ਿਲ੍ਹਾ ਮੋਗਾ ਦੀ ਧਰਤੀ ਪੈਦਾ ਕਰੇਗੀ ਓਲੰਪਿਕ ਪੱਧਰ ਦੇ ਖਿਡਾਰੀ

ਮੋਗਾ (ਹੈਪੀ – ਹਰਪਾਲ) : ਦੇਸ਼ ਦੀ ਆਜ਼ਾਦੀ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਪਿੰਡ ਢੁੱਡੀਕੇ ਦੇ ਨੌਜਵਾਨ ਹੁਣ ਖੇਡਾਂ ਦੇ ਖੇਤਰ ਵਿਚ ਵੀ ਦੇਸ਼ ਦਾ ਨਾਮ ਅੰਤਰਰਾਸ਼ਟਰੀ ਪੱਧਰ ਉੱਤੇ ਚਮਕਾਉਣਗੇ। ਪੰਜਾਬ ਸਰਕਾਰ ਵੱਲੋਂ ਇਸ ਪਿੰਡ ਦੀ ਇਤਿਹਾਸਕ ਮਹੱਤਤਾ ਨੂੰ ਬਰਕਰਾਰ ਰੱਖਣ ਲਈ ਇੱਥੇ ਅੰਤਰਰਾਸ਼ਟਰੀ ਪੱਧਰ ਦਾ ਐਸਟ੍ਰੋਟਰਫ ਹਾਕੀ ਸਟੇਡੀਅਮ ਤਿਆਰ ਕੀਤਾ ਜਾ ਰਿਹਾ ਹੈ। ਇਹ ਐਸਟ੍ਰੋਟਰਫ ਹਾਲੈਂਡ ਦੀ ਪ੍ਰਸਿੱਧ ਕੰਪਨੀ ਗਰੀਨ ਫੀਲਡ ਵੱਲੋਂ ਸਥਾਪਤ ਕੀਤੀ ਜਾਵੇਗੀ। ਇਸ ਪ੍ਰੋਜੈਕਟ ਦਾ ਨੀਂਹ ਪੱਥਰ ਅੱਜ ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਵਿਭਾਗ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਰੱਖਿਆ ਗਿਆ। ਇਸ ਮੌਕੇ ਮੋਗਾ ਦੇ ਵਿਧਾਇਕ ਡਾਕਟਰ ਹਰਜੋਤ ਕਮਲ, ਸਾਬਕਾ ਵਿਧਾਇਕ ਸ਼੍ਰੀਮਤੀ ਰਾਜਵਿੰਦਰ ਕੌਰ ਭਾਗੀਕੇ, ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ, ਐੱਸ ਡੀ ਐੱਮ ਸ੍ਰ ਸਤਵੰਤ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ੍ਰ ਜਗਰੂਪ ਸਿੰਘ ਤਖ਼ਤੂਪੁਰਾ, ਜ਼ਿਲ੍ਹਾ ਖੇਡ ਅਫ਼ਸਰ ਸ੍ਰ ਬਲਵੰਤ ਸਿੰਘ, ਸ੍ਰ ਰਣਜੀਤ ਸਿੰਘ ਧੰਨਾ, ਸਰਪੰਚ ਸ੍ਰ ਜਸਵੀਰ ਸਿੰਘ, ਹਾਕੀ ਕੋਚ ਸ੍ਰ ਕੁਲਵੰਤ ਸਿੰਘ ਪੰਨੂ ਅਤੇ ਹੋਰ ਵੀ ਹਾਜ਼ਰ ਸਨ।

ਸੰਖੇਪ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਪਿੰਡ ਢੁੱਡੀਕੇ ਵਿਖੇ 5 ਕਰੋੜ ਰੁਪਏ ਦੀ ਲਾਗਤ ਨਾਲ ਲੱਗਣ ਵਾਲੀ ਇਹ ਐਸਟ੍ਰੋਟਰਫ ਅਗਲੇ 7 ਮਹੀਨੇ ਵਿੱਚ ਮੁਕੰਮਲ ਕਰ ਲਈ ਜਾਵੇਗੀ। ਖਿਡਾਰੀਆਂ ਨੂੰ ਸਿਖਲਾਈ ਦੇਣ ਲਈ ਅੰਤਰਰਾਸ਼ਟਰੀ ਕੱਦ ਵਾਲਾ ਕੋਚ ਵੀ ਨਿਯੁਕਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਵਿੱਚ ਫਿਰੋਜ਼ਪੁਰ, ਗੁਰਦਾਸਪੁਰ ਅਤੇ ਜਲੰਧਰ ਵਿਖੇ ਵੀ ਐਸਟ੍ਰੋਟਰਫ ਵਿਛਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ 4 ਸਿੰਥੈਟਿਕ ਟਰਫਾਂ ਵੀ ਲਗਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਉਹ ਕਈ ਮਹੀਨੇ ਪਹਿਲਾਂ ਪਿੰਡ ਢੁੱਡੀਕੇ ਆਏ ਸੀ ਤਾਂ ਦੇਖਿਆ ਕਿ ਇਸ ਖੇਡ ਮੈਦਾਨ ਦੇ ਹਾਲਾਤ ਬਹੁਤ ਮਾੜੇ ਸਨ। ਜਿਸ ਕਰਕੇ ਉਹਨਾਂ ਉਸੇ ਦਿਨ ਹੀ ਇਸ ਦੀ ਕਾਇਆ ਕਲਪ ਕਰਨ ਬਾਰੇ ਸੋਚ ਲਿਆ ਸੀ।

ਉਹਨਾਂ ਕਿਹਾ ਕਿ ਇਹ ਪ੍ਰੋਜੈਕਟ ਪਿਛਲੇ ਲੰਮੇ ਸਮੇਂ ਤੋਂ ਲਟਕਿਆ ਹੋਇਆ ਸੀ, ਜੌ ਕਿ ਹੁਣ ਜੰਗੀ ਪੱਧਰ ਉੱਤੇ ਪੂਰਾ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਇਸ ਖੇਤਰ ਦੇ ਨੌਜਵਾਨਾਂ ਵਿਚ ਖੇਡਣ ਪ੍ਰਤੀ ਲਗਾਓ ਤਾਂ ਹੈ ਪਰ ਸਾਧਨ ਨਹੀਂ ਸਨ। ਹੁਣ ਇਹ ਐਸਟ੍ਰੋਟਰਫ ਚਾਲੂ ਹੋਣ ਨਾਲ ਜ਼ਿਲ੍ਹਾ ਮੋਗਾ ਦੇ ਨੌਜਵਾਨਾਂ ਨੂੰ ਬਹੁਤ ਲਾਭ ਮਿਲੇਗਾ ਅਤੇ ਉਹਨਾਂ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਖੇਡਣ ਦਾ ਮੌਕਾ ਮਿਲੇਗਾ। ਇਸ ਤੋਂ ਇਲਾਵਾ ਉਹਨਾਂ ਹਲਕਾ ਮੋਗਾ ਦੇ ਵਿਧਾਇਕ ਡਾਕਟਰ ਹਰਜੋਤ ਕਮਲ ਦੀ ਮੰਗ ਉੱਤੇ ਐਲਾਨ ਕੀਤਾ ਕਿ ਸ਼ਹਿਰ ਮੋਗਾ ਵਿੱਚ ਅੰਤਰਰਾਸ਼ਟਰੀ ਪੱਧਰ ਸਵੀਮਿੰਗ ਪੂਲ ਬਣਾਇਆ ਜਾਵੇਗਾ। ਉਹਨਾਂ ਭਰੋਸਾ ਦਿੱਤਾ ਕਿ ਮੋਗਾ ਵਿੱਚ ਪਹਿਲਾਂ ਹੀ ਮੌਜੂਦ ਇਨਡੋਰ ਸਟੇਡੀਅਮ ਚੱਲਦਾ ਕੀਤਾ ਜਾਵੇਗਾ, ਜਿਸ ਲਈ ਗਮਾਡਾ ਨੂੰ ਕਿਹਾ ਗਿਆ ਹੈ।

ਪੱਤਰਕਾਰਾਂ ਵੱਲੋਂ ਪੁੱਛੇ ਜਾਣ ਉੱਤੇ ਸ੍ਰ ਸੋਢੀ ਨੇ ਕਿਹਾ ਕਿ ਸੂਬੇ ਵਿੱਚ ਕਰੋਨਾ ਵਾਇਰਸ ਮਹਾਂਮਾਰੀ ਕਾਰਨ ਖੇਡ ਵਿੰਗ ਵਕਤੀ ਤੌਰ ਉੱਤੇ ਬੰਦ ਕੀਤੇ ਗਏ ਸਨ, ਜਿਹਨਾਂ ਨੂੰ ਹਾਲਾਤ ਠੀਕ ਹੋਣ ਉੱਤੇ ਤੁਰੰਤ ਚਾਲੂ ਕਰ ਦਿੱਤਾ ਜਾਵੇਗਾ। ਵਿੰਗਾਂ ਵਿੱਚ ਕੋਚ ਲਗਾਏ ਜਾਣਗੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਖੇਡਾਂ ਅਤੇ ਖਿਡਾਰੀਆਂ ਦਾ ਪੱਧਰ ਉੱਚਾ ਚੁੱਕਣ ਲਈ ਲਈ ਉਪਰਾਲੇ ਕੀਤੇ ਹਨ, ਜਿਸ ਵਿਚ ਨਵੀਂ ਖੇਡ ਨੀਤੀ, ਨਕਦ ਇਨਾਮ, ਮਹਾਰਾਜ ਰਣਜੀਤ ਸਿੰਘ ਐਵਾਰਡ ਨੂੰ ਮੁੜ ਚਾਲੂ ਕਰਨ ਦੇ ਨਾਲ ਨਾਲ ਖਿਡਾਰੀਆਂ ਨੂੰ ਉੱਚ ਪੱਧਰ ਦੀ ਸਿਖਲਾਈ ਦੇਣਾ ਸ਼ਾਮਿਲ ਹੈ। ਉਹਨਾਂ ਕਿਹਾ ਕਿ ਪਹਿਲੀ ਵਾਰ ਟੋਕੀਓ ਉਲੰਪਿਕਸ ਵਿੱਚ ਪੰਜਾਬ ਦੇ ਸਭ ਤੋਂ ਵੱਧ ਖਿਡਾਰੀ ਦੇਸ਼ ਦੀ ਨੁਮਾਇੰਦਗੀ ਕਰਨਗੇ। ਉਹਨਾਂ ਦਾਅਵੇ ਨਾਲ ਕਿਹਾ ਕਿ ਜ਼ਿਲ੍ਹਾ ਮੋਗਾ ਦੀ ਧਰਤੀ ਜਲਦੀ ਹੀ ਓਲੰਪਿਕ ਪੱਧਰ ਦੇ ਖਿਡਾਰੀ ਪੈਦਾ ਕਰਨ ਲੱਗੇਗੀ। ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਮੁੱਖ ਮਹਿਮਾਨ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਦਾ ਇਸ ਪ੍ਰੋਜੈਕਟ ਲਈ ਧੰਨਵਾਦ ਕੀਤਾ।

Today Now News

RELATED ARTICLES
- Advertisment -

POPULAR POSTS