
ਮਾਨਸਾ13 ਅਗਸਤ ਵਿਜੀਲੈਂਸ ਵਿਭਾਗ ਮਾਨਸਾ ਦੀ ਟੀਮ ਵੱਲੋਂ ਅੱਜ ਵਿਸ਼ੇਸ਼ ਸਟਰਿੰਗ ਆਪ੍ਰੇਸ਼ਨ ਕਰਦਿਆਂ ਥਾਣਾ ਮੁਖੀ ਝੁਨੀਰ ਨੂੰ ਨੌੰ ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਜਾਣਕਾਰੀ ਅਨੁਸਾਰ ਹਰਜਿੰਦਰ ਕੌਰ ਪਤਨੀ ਮਲਕੀਤ ਸਿੰਘ ਵਾਸੀ ਕੁੱਤੀਵਾਲ ਕਲਾਂ ਜ਼ਿਲ੍ਹਾ ਬਠਿੰਡਾ ਨੇ ਐਸਐਸਪੀ ਬਠਿੰਡਾ ਨੂੰ ਇੱਕ ਦਰਖਾਸਤ ਦੇ ਕੇ ਝੁਨੀਰ ਵਾਸੀ ਕੁਝ ਵਿਅਕਤੀਆਂ ਤੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਸੀ ਜਾਂਚ ਪਡ਼ਤਾਲ ਤੋਂ ਬਾਅਦ ਐੱਸਐੱਸਪੀ ਬਠਿੰਡਾ ਨੇ ਮਾਮਲਾ ਦਰਜ਼ ਕਰਨ ਦੇ ਹੁਕਮ ਕੀਤੇ ਸਨ। ਘਟਨਾ ਸਥਾਨ ਝੁਨੀਰ ਹੋਣ ਕਰਕੇ ਝੁਨੀਰ ਪੁਲਸ ਨੇ ਇਸ ਮਾਮਲੇ ਚ ਕੁਝ ਵਿਅਕਤੀਆਂ ਤੇ ਮੁਕਦਮਾ ਨੰਬਰ 76 ਮਿਤੀ 26 ਜੁਲਾਈ 2021 ਨੂੰ ਧਾਰਾ 376/379 -ਏ, 506, 120-ਬੀ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮੁਕੱਦਮਾ ਦਰਜ ਕਰਨ ਦੇ ਸੰਬੰਧ ਵਿੱਚ ਐਸਐਚਓ ਥਾਣਾ ਝੁਨੀਰ ਜਗਦੇਵ ਸਿੰਘ ਨੇ ਮੁੁਦਈ ਪਾਰਟੀ ਤੋਂ ਕੁਝ ਪੈਸਿਆਂ ਦੀ ਮੰਗ ਕੀਤੀ ਸੀ। ਮਾਮਲਾ ਦਰਜ ਹੋਣ ਤੋਂ ਬਾਅਦ ਅੱਜ ਮਲਕੀਤ ਸਿੰਘ ਨੇ ਨਿਰਧਾਰਤ ਰਕਮ ਥਾਣਾ ਮੁਖੀ ਝੁਨੀਰ ਨੂੰ ਦੇਣ ਤੋ ਪਹਿਲਾਂ ਵਿਜੀਲੈਂਸ ਵਿਭਾਗ ਮਾਨਸਾ ਦੀ ਟੀਮ ਨਾਲ ਸੰਪਰਕ ਕਰਕੇ ਥਾਣਾ ਮੁਖੀ ਨੂੰ ਰਿਸ਼ਵਤ ਦੇ ਤੌਰ ਤੇ 9000/- (ਨੌੰ ਹਜ਼ਾਰ ) ਰੁਪਏ ਲੈਂਦਿਆਂ ਮੌਕੇ ਤੇ ਹੀ ਰੰਗੇ ਹੱਥੀ ਫੜਾ ਦਿੱਤਾ। ਵਿਜੀਲੈਂਸ ਦੇ ਡੀ ਐਸ ਪੀ ਕੁਲਵੰਤ ਸਿੰਘ ਦੀ ਅਗਵਾਹੀ ਵਿਚ ਵਿਜੀਲੈਂਸ ਦੀ ਟੀਮ ਨੇ ਥਾਣਾ ਮੁਖੀ ਝੁਨੀਰ ਜਗਦੇਵ ਸਿੰਘ ਨੂੰ ਮੌਕੇ ਤੇ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਇਸ ਮਾਮਲੇ ਦੀ ਹਲਕੇ ਭਰ ਵਿੱਚ ਚਰਚਾ ਛਿੜੀ ਹੋਈ ਹੈ।






