ਕਪੂਰਥਲਾ, 10 ਜਨਵਰੀ –(ਨਿਰਮਲ ਸਿੰਘ) ਸਿਵਲ ਸਰਜਨ ਕਪੂਰਥਲਾ ਡਾ.ਗੁਰਿੰਦਰ ਬੀਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਟੇਟ ਤੋਂ ਆਈਆਂ ਹਦਾਇਤਾਂ ਤਹਿਤ ਅੱਜ ਜਿਲੇ ਵਿਚ ਕੋਵਿਡ ਵੈਕਸੀਨੇਸ਼ਨ ਦੀ ਬੂਸਟਰ ਡੋਜ ਦੀ ਸ਼ੁਰੂਆਤ ਕੀਤੀ ਗਈ । ਇਸ ਮੌਕੇ ਤੇ ਜਿਲਾ ਟੀਕਾਕਰਣ ਅਫਸਰ ਡਾ.ਰਣਦੀਪ ਸਿੰਘ ਵੀ ਹਾਜਰ ਸਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ.ਗੁਰਿੰਦਰ ਬੀਰ ਕੌਰ ਨੇ ਦੱਸਿਆ ਕਿ ਕੋਵਿਡ ਦੀ ਤੀਸਰੀ ਲਹਿਰ ਦੇ ਮੱਦੇਨਜਰ ਇਸ ਪ੍ਰੀਕਾਸ਼ਨਰੀ ਡੋਜ ਦੀ ਸ਼ੁਰੂਆਤ ਸਰਕਾਰੀ ਗਾਈਡਲਾਈਨਾਂ ਮੁਤਾਬਕ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਤਹਿਤ ਹੈਲਥ ਵਰਕਰਾਂ, ਫਰੰਟਲਾਈਨ ਵਰਕਰਾਂ, 60 ਸਾਲ ਤੋਂ ਉੱਤੇ ਦੇ ਵਿਅਕਤੀਆਂ ਅਤੇ ਕੋਮੋਰਬਿਡ ਕੰਡੀਸ਼ਨ ਵਾਲੇ ਵਿਅਕਤੀਆਂ ਨੂੰ ਇਹ ਡੋਜ ਦਿੱਤੀ ਜਾਣੀ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਵੈਕਸੀਨੇਸ਼ਨ ਦੀ ਦੂਸਰੀ ਡੋਜ ਦੇ ਬਾਅਦ 9 ਮਹੀਨੇ ਦੇ ਅੰਤਰਾਲ ਤੇ ਬੂਸਟਰ ਡੋਜ ਦਿੱਤੀ ਜਾਣੀ ਹੈ। ਸਿਵਲ ਸਰਜਨ ਨੇ ਅਪੀਲ ਕੀਤੀ ਹੈ ਕਿ ਭੀੜ ਭਾੜ ਵਾਲੇ ਖੇਤਰਾਂ ਵਿਚ ਜਾਣ ਤੋਂ ਬਚਿਆ ਜਾਏ, ਕੋਵਿਡ ਤੋਂ ਬਚਾਅ ਦੀਆਂ ਗਾਈਡਲਾਈਨਾਂ ਦੀ ਪਾਲਣਾ ਕੀਤੀ ਜਾਏ।
ਜਿਲਾ ਟੀਕਾਕਰਣ ਅਫਸਰ ਡਾ.ਰਣਦੀਪ ਸਿੰਘ ਨੇ ਦੱਸਿਆ ਕਿ ਇਸ ਵਾਸਤੇ ਲਾਭਪਾਤਰੀ ਸਿੱਧੇ ਤੌਰ ਤੇ ਵੈਕਸੀਨੇਸ਼ਨ ਸਾਈਟ ਤੇ ਜਾ ਕੇ ਵੈਕਸੀਨੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਅਜਿਹੇ ਲੋਕ ਜਿਨ੍ਹਾਂ ਨੇ ਵੈਕਸੀਨੇਸ਼ਨ ਦੀ ਇੱਕ ਹੀ ਡੋਜ ਲਈ ਹੈ ਨੂੰ ਵੈਕਸੀਨੇਸ਼ਨ ਦੀ ਦੂਸਰੀ ਡੋਜ ਲੈਣ ਦੀ ਵੀ ਅਪੀਲ ਕੀਤੀ ਹੈ।







