ਸਿ਼ਵ ਕੁਮਾਰ ਦਾ ਜਨਮ 23 ਜੁਲਾਈ ਸੰਨ 1936 ਨੂੰ ਜੰਮੂ-ਕਸ਼ਮੀਰ ਦੀ ਹੱਦ ਨਾਲ ਲੱਗਦੇ ਸ਼ਕਰਗੜ੍ਹ ਤਹਿਸੀਲ ਦੇ ਬੜਾ ਪਿੰਡ ਲੋਹਤੀਆਂ ਵਿੱਚ ਹੋਇਆ ਸੀ। ਉਸਦੇ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ, ਮਾਲ ਮਹਿਕਮੇ ਵਿੱਚ ਪਹਿਲਾਂ ਪਟਵਾਰੀ ਰਹੇ, ਬਾਅਦ ਵਿੱਚ ਕਾਨੂੰਗੋ ਅਤੇ ਸੇਵਾ ਮੁਕਤੀ ਵੇਲੇ ਪਟਵਾਰ ਸਕੂਲ ਬਟਾਲਾ ਦੇ ਪ੍ਰਿੰਸੀਪਲ ਸਨ। ਉਸ ਦੀ ਮਾਤਾ ਸ੍ਰੀਮਤੀ ਸ਼ਾਂਤੀ ਦੇਵੀ ਦੀ ਆਵਾਜ ਬਹੁਤ ਸੁਰੀਲੀ ਸੀ, ਉਹੀ ਸੁਰੀਲਾਪਣ ਸਿ਼ਵ ਦੀ ਆਵਾਜ ਵਿੱਚ ਵੀ ਸੀ। ਸਿ਼ਵ ਕੁਮਾਰ ਨੇ ਮੁੱਢਲੀ ਪੜ੍ਹਾਈ ਬੜਾ ਪਿੰਡ ਲੋਹਤੀਆਂ ਦੇ ਪ੍ਰਾਇਮਰੀ ਸਕੂਲ ਤੋਂ ਹਾਸਲ ਕੀਤੀ। ਐਸ ਵੇਲੇ ਇਹ ਪਿੰਡ ਪਾਕਿਸਤਾਨ ਦੇ ਨਾਰੋਵਾਲ ਜਿਲ੍ਹੇ ਵਿੱਚ, ਸਿਆਲਕੋਟ ਤੋਂ 30 ਕਿਲੋਮੀਟਰ ਪੂਰਬ ਵੱਲ ਹੈ। ਮੁਲਕ ਦੀ ਵੰਡ ਤੋਂ ਪਹਿਲਾਂ ਇਹ ਗੁਰਦਾਸਪੁਰ ਜਿਲ੍ਹੇ ਦਾ ਇੱਕ ਪਿੰਡ ਸੀ।
ਬਦਲੀ ਹੋਣ ਕਰਕੇ, ਪਟਵਾਰੀ ਕ੍ਰਿਸ਼ਨ ਗੋਪਾਲ ਸੰਨ 1946 ਵਿੱਚ ਸਿ਼ਵ ਨੂੰ ਸਕੂਲੋਂ ਗਰਮੀਆਂ ਦੀਆਂ ਛੁੱਟੀਆਂ ਸਨ ਤੇ ਉਹ ਆਪਣੇ ਵੱਡੇ ਭਰਾ ਦਵਾਰਕੇ ਨਾਲ ਬੜਾ ਪਿੰਡ ਲੋਹਤੀਆਂ ਗਿਆ ਹੋਇਆ ਸੀ ਤਾਂ ਦੇਸ਼ ਦੀ ਵੰਡ ਦਾ ਐਲਾਨ ਹੋ ਗਿਆ ਤੇ ਮੁਹੱਲਾ ਦਾਰੁੱਸਲਾਮ (ਬਾਅਦ ਵਿੱਚ ਜਿਸਦਾ ਨਾਂਅ ਪ੍ਰੇਮ ਨਗਰ ਪੈ ਗਿਆ) ਵਿੱਚ ਵੱਸ ਗਿਆ। ਸੰਨ 1953 ਵਿੱਚ ਸਿ਼ਵ ਨੇ ਸਾਲਵੇਸ਼ਨ ਆਰਮੀ ਹਾਈ ਸਕੂਲ ਬਟਾਲਾ ਤੋਂ ਦਸਵੀਂ ਪਾਸ ਕੀਤੀ। ਜਿੱਥੋਂ ਤੱਕ ਪੜ੍ਹਾਈ ਦਾ ਸਬੰਧ ਹੈ, ਸਿ਼ਵ ਕੁਮਾਰ ਇਹੀ ਇੱਕ ਸਰਟੀਫਿਕੇਟ ਪ੍ਰਾਪਤ ਕਰ ਸਕਿਆ। ਉਸ ਦੇ ਪਿਤਾ ਜੋ ਉਸ ਨੂੰ ਚੰਗਾ ਪੜ੍ਹਾ-ਲਿਖਾ ਕੇ ਉਚ ਵਿਦਿਆ ਦਿਵਾ ਕੇ ਇੱਕ ਕਾਰੋਬਾਰੀ ਵਿਅਕਤੀ ਬਣਾਉਣਾ ਚਾਹੁੰਦੇ ਸਨ, ਨੂੰ ਨਿਰਾਸ਼ਾ ਹੀ ਮਿਲੀ ਕਿਉਂਕਿ ਦਸਵੀਂ ਤੋਂ ਬਾਅਦ ਅਗਲੇ ਦੋ ਸਾਲ ਬਿਨ੍ਹਾਂ ਕਿਸੇ ਡਿਗਰੀ ਪ੍ਰਾਪਤ ਕਰਨ ਦੇ ਉਸਨੇ ਤਿੰਨ ਕਾਲਜ ਬਦਲੇ।ਪਹਿਲਾਂ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਬਟਾਲਾ ਵਿੱਚ ਐਫ.ਐਸ.ਸੀ. ਵਿੱਚ ਦਾਖਲਾ ਲਿਆ ਅਤੇ ਬੋਰਡ ਦੇ ਇਮਤਿਹਾਨਾਂ ਤੋਂ ਪਹਿਲਾਂ ਹੀ ਛੱਡ ਦਿੱਤਾ। ਫੇਰ ਨਾਭੇ ਜਾ ਕੇ ਸਰਕਾਰੀ ਰਿਪੂਦਮਨ ਕਾਲਜ ਵਿੱਚ ਦਾਖਲ ਹੋਇਆ ਪਰ ਕੁਝ ਹੀ ਮਹੀਨਿਆਂ ਪਿੱਛੋਂ ਮੁੜ ਆਇਆ ਤੇ ਆਰਟਸ ਵਿਸਿ਼ਆਂ ਨਾਲ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿੱਚ ਦਾਖਲਾ ਲੈ ਲਿਆ। ਉਥੇ ਵੀ ਇਮਤਿਹਾਨ ਨਾ ਦਿੱਤਾ ਤੇ ਸਾਲ ਬਾਅਦ ਇਹ ਕਾਲਜ ਛੱਡ ਕੇ ਬੈਜਨਾਥ ਜਿਲ੍ਹਾ ਕਾਂਗੜਾ ਦੇ ਇੱਕ ਸਕੂਲ ਵਿੱਚ ਓਵਰਸੀਅਰ ਦੇ ਕੋਰਸ ਵਿੱਚ ਦਾਖਲਾ ਲੈ ਲਿਆ।
ਬੈਜਨਾਥ ਵਿਖੇ ਉਸਨੂੰ ਮੈਨਾ ਨਾਂਅ ਦੀ ਇੱਕ ਕੁੜੀ ਮਿਲੀ ਜੋ ਉਸ ਨੂੰ ਚੰਗੀ ਲੱਗੀ ਪਰ ਕੁਝ ਦੇਰ ਬਾਅਦ ਹੀ ਪਤਾ ਲੱਗਾ ਕਿ ਮੈਨਾ ਦੀ ਟਾਈਫਾਈਡ ਨਾਲ ਮੌਤ ਹੋ ਗਈ ਹੈ। ਪ੍ਰੋ. ਮੋਹਨ ਸਿੰਘ ਵਾਂਗ ਸਿ਼ਵ ਵੀ ਆਪਣੇ ਪਿਆਰੇ ਦੀ ਮੌਤ ਦੇ ਸੋਗ ਅਤੇ ਹਿਜਰ ਦਾ ਸਿ਼ਕਾਰ ਹੋ ਗਿਆ। ਮੋਹਨ ਸਿੰਘ ਤਾਂ ਉਸ ਸੋਗ ‘ਤੇ ਕਾਬੂ ਪਾ ਸਕਿਆ ਸੀ ਪਰ ਸਿ਼ਵ ਦੇ ਦਿਲ ਅੰਦਰ ਇਸ ਮੌਤ ਦਾ ਗ਼ਮ, ਉਹਦੇ ਮਰਦੇ ਦਮ ਤੱਕ ਜਿੰ਼ਦਾ ਰਿਹਾ। ਉਹ ਸੋਗ ਅਤੇ ਵਿਛੋੜਾ ਉਸ ਦੇ ਕਈ ਗੀਤਾਂ ਵਿੱਚ ਝਲਕਦਾ ਹੈ।
ਸਿ਼ਵ ਜਦੋਂ ਕਾਦੀਆਂ ਵਿੱਚ ਸੀ, ਉਦੋਂ ਹੀ ਉਹ ਆਪਣੇ ਜਮਾਤੀਆਂ ਤੇ ਯਾਰਾਂ-ਦੋਸਤਾਂ ਨੂੰ ਗ਼ਜ਼ਲਾਂ ਤੇ ਗਾਣੇ ਸੁਣਾਉਣ ਲੱਗ ਪਿਆ। ਉਹਦੀ ਆਵਾਜ ਵੀ ਸੁਰੀਲੀ ਸੀ ਤੇ ਲਫਜ਼ ਵੀ, ਇਸੇ ਕਰਕੇ ਉਸਦੇ ਕਈ ਪ੍ਰਸੰ਼ਸਕ ਬਣ ਗਏ ਸਨ। ਹੁਣ ਉਸਨੇ ਫਿਲਮੀ ਅਤੇ ਲੋਕ ਗੀਤਾਂ ਦੀ ਬਜਾਏ ਆਪਣੇ ਹੀ ਗੀਤ ਜਾਂ ਕਵਿਤਾ ਬੋਲਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਹ ਛੇਤੀ ਹੀ ਬਟਾਲੇ ਦੇ ਸਾਹਿਬਕ ਖੇਤਰ ਵਿੱਚ ਛਾ ਗਿਆ। ਬਟਾਲੇ ਦੇ ਕੁਝ ਸੀਨੀਅਰ ਲੇਖਕਾਂ ਜਸਵੰਤ ਸਿੰਘ ਰਾਹੀ, ਕਰਤਾਰ ਸਿੰਘ ਬਲੱਗਣ ਅਤੇ ਬਰਕਤ ਰਾਮ ਯਮਨ ਨੇ ਸਿ਼ਵ ਬਟਾਲਵੀ ਨੂੰ ਬਟਾਲੇ ਅਤੇ ਬਟਾਲੇ ਤੋਂ ਬਾਹਰ ਕਈ ਕਵੀ ਦਰਬਾਰਾਂ ਅਤੇ ਮੁਸ਼ਾਇਰਿਆਂ ਵਿੱਚ ਪੇਸ਼ ਕੀਤਾ।ਮੈਨਾ ਦੀ ਮੌਤ ਤੋਂ ਬਾਅਦ ਸਿ਼ਵ ਦੇ ਦਿਲ ਨੂੰ ਇੱਕ ਹੋਰ ਸੱਟ ਵੱਜੀ। ਉਹ, ਗੁਰਬਖਸ਼ ਪ੍ਰੀਤਲੜੀ ਦੀ ਕੁੜੀ ਵੱਲ ਆਕਰਸਿ਼ਤ ਹੋਇਆ ਤਾਂ ਉਹ ਮੁਲਕ ਛੱਡ ਕੇ ਅਮਰੀਕਾ ਚਲੀ ਗਈ ਤੇ ਉਥੇ ਜਾ ਕੇ ਵਿਆਹ ਕਰਵਾ ਲਿਆ। ਸਿ਼ਵ ਨੇ ‘ਸਿ਼ਕਰਾ’ ਕਵਿਤਾ ਲਿਖੀ ਜੋ ਬਹੁਤ ਹੀ ਪ੍ਰਸਿੱਧ ਹੈਸੰਨ 1960 ਤੋਂ 1965 ਦੇ ਦਰਮਿਆਨ ਸਿ਼ਵ ਦੇ ਪੰਜ ਕਾਵਿ ਸੰਗ੍ਰਹਿ ਛਪੇ। ਸਿ਼ਵ ਦੀ ਸ਼ਾਇਰੀ ਵਿੱਚ ਬੜਾ ਪਿੰਡ ਲੋਹਤੀਆਂ, ਜਿੱਥੇ ਅੁਸਦਾ ਬਚਪਨ ਗੁਜਰਿਆ, ਵਿੱਚ ਬਿਤਾਏ ਹੋਏ ਦਿਨਾਂ ਦੀਆਂ ਯਾਦਾਂ, ਮਨ ਮੋਹ ਲੈਣ ਵਾਲੇ ਕੁਦਰਤੀ ਦ੍ਰਿਸ਼ਾਂ ਵਾਲੀ ਸੁੰਦਰਤਾ, ਦੇਸ਼ ਦੀ ਵੰਡ ਵੇਲੇ ਉਸ ਜਗ੍ਹਾ ਦਾ ਵਿਛੋੜਾ ਅਤੇ ਠੁਠ ਪੰਜਾਬੀ ਪੇਂਡੂ ਜੀਵਨ, ਬਿੰਬ ਵਿਧਾਨ ਹਨ। ਸਿ਼ਵ ਦੀ ਸ਼ਾਇਰੀ ਦੇ ਮੁੱਲ ਦਾ ਇੱਥੋਂ ਅੰਦਾਜਾ ਲੱਗ ਸਕਦਾ ਹੈ ਕਿ ਬਹੁਤ ਸਾਰੇ ਨਾਮਵਰ ਭਾਰਤੀ ਅਤੇ ਪਾਕਿਸਤਾਨੀ ਗਾਇਕਾਂ ਨੇ ਉਸਨੂੰ ਗਾਇਆ ਹੈ। ਬਟਾਲਵੀ ਸਭ ਤੋਂ ਘੱਟ ਉਮਰ ਵਿੱਚ ਸਾਹਿਤ ਅਕੈਡਮੀ ਐਵਾਰਡ ਹਾਸਲ ਕਰਨ ਵਾਲਾ ਆਧੁਨਿਕ ਪੰਜਾਬੀ ਕਵੀ ਹੈ। ਸੰਨ 1965 ਵਿੱਚ ਛਪੇ ਉਸਦੇ ਕਾਵਿ-ਨਾਟਕ ਲੂਣਾ ਲਈ ਉਸਨੂੰ 1967 ਵਿੱਚ ਇਹ ਐਵਾਰਡ ਮਿਲਿਆ। ਥੋੜ੍ਹੀ ਉਮਰ ਵਿੱਚ ਹੀ ਕਵਿਤਾ ਦਾ ਲੰਮਾ ਪੈਂਡਾ ਤਹਿ ਕਰਨ ਵਾਲੇ ਇਸ ਕਵੀ ਦੀਆਂ ਲਿਖਤਾਂ ਵਿੱਚ ਬਿਰਹਾ ਅਤੇ ਅੰਤਰ-ਪੀੜਾ ਪ੍ਰਧਾਨ ਹੈ। ਸਿ਼ਵ ਬਟਾਲਵੀ ਨੇ 1957 ਤੋਂ 60 ਤੱਕ ਲਿਖੀਆਂ ਕਵਿਤਾਵਾਂ ਦਾ ਪਹਿਲਾ ਕਾਵਿ ਸੰਗ੍ਰਹਿ ‘ਪੀੜਾਂ ਦਾ ਪਰਾਗਾ’ (1960) ਤੋਂ ਲੈ ਕੇ ਤੇ “ਮੈਂ ਤੇ ਮੈਂ’ (1970) ਤੱਕ ਦਾ ਲੰਮਾ ਸਫਰ ਤਹਿ ਕੀਤਾ।





