ਪੰਜ ਗਊਸ਼ਾਲਾਵਾਂ ਆਈਆਂ ਅੱਗ ਦੀ ਚਪੇਟ ਵਿੱਚ : ਇੱਕ ਪਸ਼ੂ ਨੇ ਵੀ ਗਵਾਈ ਆਪਣੀ ਜਾਨ

ਦੇਹਰਾਦੂਨ (ਬਿਊਰੋ) : ਉੱਤਰਾਖੰਡ ’ਚ ਜੰਗਲਾਂ ਵਿੱਚ ਲੱਗੀ ਅੱਗ ਹਰ ਕੋਸ਼ਿਸ਼ ਦੇ ਬਾਵਜੂਦ ਵੀ ਵਧਦੀ ਜਾ ਰਹੀ ਹੈ । ਬੀਤੇ 24 ਘੰਟਿਆਂ ’ਚ ਸੂਬੇ ’ਚ ਅੱਗ ਦੀਆਂ 45 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ’ਚੋਂ 26 ਗੜ੍ਹਵਾਲ, ਅੱਠ ਕੁਮਾਊਂ ਤੇ ਸੁਰੱਖਿਅਤ ਜੰਗਲੀ ਖੇਤਰ ’ਚ 11 ਘਟਨਾਵਾਂ ਦਰਜ ਹੋਈਆਂ ਹਨ। ਇਸ ਨਾਲ ਕਰੀਬ 68.7 ਹੈਕਟੇਅਰ ਜੰਗਲ ਨੂੰ ਨੁਕਸਾਨ ਪੁੱਜਿਆ ਹੈ। ਸੂਬੇ ਦੇ 13 ਜ਼ਿਲ੍ਹਿਆਂ ’ਚੋਂ 11 ’ਚ ਜੰਗਲ ਸੜ ਰਹੇ ਹਨ।
ਇਸ ਦੌਰਾਨ ਪਿੰਡਾਂ ਕੋਲ ਪੁੱਜੀ ਅੱਗ ਨਾਲ ਪੰਜ ਗਊਸ਼ਾਲਾਵਾਂ ਸੜ ਗਈਆਂ। ਇਨ੍ਹਾਂ ’ਚ ਇਕ ਪਸ਼ੂ ਦੀ ਜਾਨ ਵੀ ਚਲੀ ਗਈ। ਅੱਗ ਨਾਲ ਨਜਿੱਠਣ ਲਈ ਜੰਗਲਾਤ ਵਿਭਾਗ ਨੇ ਪੂਰੀ ਤਾਕਤ ਲਗਾ ਦਿੱਤੀ ਹੈ। ਵਿਭਾਗ ਮੁਤਾਬਕ ਸੂਬੇ ਦੇ 12 ਹਜ਼ਾਰ ਮੁਲਾਜ਼ਮ ਅੱਗ ਬੁਝਾਉਣ ’ਚ ਲੱਗੇ ਹਨ। ਇਸ ਤੋਂ ਇਲਾਵਾ ਕਈ ਥਾਵਾਂ ’ਤੇ ਪਿੰਡ ਵਾਲਿਆਂ ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ।
ਸੂਬੇ ’ਚ ਬੇਕਾਬੂ ਹੋ ਰਹੀ ਜੰਗਲ ਦੀ ਅੱਗ ਨਾਲ ਹੁਣ ਤਕ 1359.83 ਹੈਕਟੇਅਰ ਜੰਗਲ ਝੁਲਸ ਚੁੱਕੇ ਹਨ। ਇਨ੍ਹਾਂ ’ਚ ਸਭ ਤੋਂ ਵੱਧ 788.22 ਹੈਕਟੇਅਰ ਗੜ੍ਹਵਾਲ ਮੰਡਲ ਤੇ 539.8 ਹੈਕਟੇਅਰ ਕੁਮਾਊਂ ਮੰਡਲ ’ਚ ਹੈ, ਜਦਕਿ ਸੁਰੱਖਿਅਤ ਜੰਗਲੀ ਖੇਤਰਾਂ ’ਚੋਂ 31.8 ਹੈਕਟੇਅਰ ਨੂੰ ਨੁਕਸਾਨ ਪੁੱਜਿਆ ਹੈ। ਐਤਵਾਰ ਨੂੰ ਉੱਤਰਕਾਸ਼ੀ ਜ਼ਿਲ੍ਹੇ ’ਚ ਦਸ ਥਾਵਾਂ ’ਤੇ ਜੰਗਲ ’ਚ ਅੱਗ ਲੱਗੀ। ਪੌੜੀ ਦੇ ਲੈਂਸਡੌਨ ’ਚ ਵੀ ਇਹੀ ਹਾਲਾਤ ਹਨ।






