ਟਰੰਪ ਕਾਨੂੰਨੀ ਲੜਾਈ ਲਈ ਤਿਆਰ

ਵਾਸ਼ਿੰਗਟਨ, (ਧਰਮਵੀਰ ਥਾਂਦੀ) : ਅਮਰੀਕੀ ਚੋਣਾਂ ਵਿਚ ਡੈਮੋਕ੍ਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਾਇਡਨ ਜਿੱਤ ਦੇ ਅੰਕੜੇ 270 ਦੇ ਨੇੜੇ ਪੁੱਜ ਗਏ ਹਨ। ਦੂਜੇ ਪਾਸੇ ਰਿਪਬਲਿਕਨ ਪਾਰਟੀ ਦੇ ਉਨ੍ਹਾਂ ਦੇ ਵਿਰੋਧੀ ਡੋਨਲਡ ਟਰੰਪ ਕਾਨੂੰਨੀ ਲੜਾਈ ਲੜਨ ਲਈ ਤਿਆਰ ਹਨ। ਵੱਖ ਵੱਖ ਮੀਡੀਆ ਗਰੁੱਪਾਂ ਦੇ ਰੁਝਾਨਾਂ ਅਨੁਸਾਰ ਬਾਇਡਨ ਨੂੰ ਹੁਣ ਜਿੱਤ ਲਈ ਸਿਰਫ 6 ਤੋਂ 17 ‘ਇਲੈਕਟੋਰਲ ਕਾਲਜ ਸੀਟਾਂ’ ਦੀ ਹੀ ਲੋੜ ਹੈ। ਜਦੋਂਕਿ ਟਰੰਪ ਨੇ ਹਾਲੇ 214 ਇਲੈਕਟੋਰਲ ਕਾਲਜ ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਟਰੰਪ ਨੇ ਬੁੱਧਵਾਰ ਦੇਰ ਰਾਤ ‘ਬੈਟਲਗ੍ਰਾਊਂਡ’ ਸੂਬਿਆਂ ਪੈਨਸਿਲਵੇਨੀਆ, ਮਿਸ਼ੀਗਨ, ਨੌਰਥ ਕੈਰੋਲੀਨਾ ਅਤੇ ਜਾਰਜੀਆ ਵਿੱਚ ਆਪਣੀ ਜਿੱਤ ਦਾ ਐਲਾਨ ਕੀਤਾ ਸੀ। ਬੈਟਲਗ੍ਰਾਊਂਡ ਉਨ੍ਹਾਂ ਸੂਬਿਆਂ ਨੂੰ ਕਿਹਾ ਜਾਂਦਾ ਹੈ ਜਿੱਥੇ ਰੁਝਾਨ ਸਪਸ਼ਟ ਨਹੀਂ ਹੁੰਦਾ। ਅਮਰੀਕੀ ਰਾਸ਼ਟਰਪਤੀ ਨੇ ਲੜੀਵਾਰ ਟਵੀਟ ਕਰ ਕੇ ਕਿਹਾ, ‘‘ ਅਸੀਂ ਪੈਨਸਿਲਵੇਨੀਆ, ਜਾਰਜੀਆ ਅਤੇ ਨੌਰਥ ਕੈਰੋਲੀਨਾ ਵਿੱਚ ਦਾਅਵਾ ਕੀਤਾ ਹੈੇ। ਇਨ੍ਹਾਂ ਸੂਬਿਆਂ ’ਚ ਟਰੰਪ ਅੱਗੇ ਚਲ ਰਹੇ ਸਨ… ਇਸ ਤੋਂ ਇਲਾਵਾ ਅਸੀਂ ਮਿਸ਼ੀਗਨ ਵਿੱਚ ਵੀ ਦਾਅਵਾ ਕਰ ਰਹੇ ਹਾਂ, ਜਿਥੇ ਵੱਡੀ ਗਿਣਤੀ ਵਿੱਚ ਲੁਕਵੇਂ ਰੂਪ ਵਿੱਚ ਵੋਟਾਂ ਹੋਣ ਦੀ ਜਾਣਕਾਰੀ ਮਿਲੀ ਸੀ।’’ ਉਨ੍ਹਾਂ ਇਕ ਹੋਰ ਟਵੀਟ ਵਿੱਚ ਕਿਹਾ, ‘‘ ਸਾਡੇ ਵਕੀਲਾਂ ਨੇ ‘ਸਾਰਥਕ ਪਹੁੰਚ’ ਦੀ ਇਜਾਜ਼ਤ ਮੰਗੀ ਹੈ, ਪਰ ਹੁਣ ਉਸ ਨਾਲ ਕੀ ਲਾਭ ਮਿਲੇਗਾ? ਸਾਡੀ ਪ੍ਰਣਾਲੀ ਦੀ ਅਖੰਡਤਾ ਅਤੇ ਰਾਸ਼ਟਰਪਤੀ ਚੋਣਾਂ ਨੂੰ ਨੁਕਸਾਨ ਪੁੱਜ ਚੁੱਕਾ ਹੈ। ਇਸ ਸਬੰਧੀ ਚਰਚਾ ਕਰਨ ਦੀ ਲੋੜ ਹੈ। ’’ ਦੂਜੇ ਪਾਸੇ ਬਾਇਡਨ ਨੇ ਚੋਣਾਂ ਵਿੱਚ ਆਪਣੀ ਜਿੱਤ ਦਾ ਦਾਅਵਾ ਕੀਤਾ ਹੈ। ਉਨ੍ਹਾਂ ਟਵੀਟ ਕੀਤਾ, ‘ਪ੍ਰਕਿਰਿਆ ਅਤੇ ਇਕ ਦੂਜੇ ’ਤੇ ਵਿਸ਼ਵਾਸ ਰੱਖੋ। ਅਸੀਂ ਇਕੱਠੇ ਇਸ ਵਿੱਚ ਜੇਤੂ ਰਹਾਂਗੇ। ’’ ਟਰੰਪ ਦੀ ਮੁਹਿੰਮ ਚਲਾਉਣ ਵਾਲਿਆਂ ਨੇ ਜਾਰਜੀਆ, ਮਿਸ਼ੀਗਨ ਅਤੇ ਪੈਨਸਿਲਵੇਨੀਆਂ ਵਿੱਚ ਕੇਸ ਦਰਜ ਕਰਾਏ ਹਨ ਅਤੇ ਵਿਸਕਾਨਸਨ ਵਿੱਚ ਵੋਟਾਂ ਦੀ ਗਿਣਤੀ ਮੁੜ ਕਰਾਉਣ ਦੀ ਮੰਗ ਕੀਤੀ ਹੈ।






