ਲੰਡਨ

ਲਗਾਤਾਰ ਇੰਟਰਵਿਊ ਦੇਣ ਤੋਂ ਬਾਅਦ ਜਦੋਂ ਇਕ ਵਿਅਕਤੀ ਨੂੰ ਨੌਕਰੀ ਨਹੀਂ ਮਿਲੀ ਤਾਂ ਉਸ ਨੇ ਨੌਕਰੀ ਲੱਭਣ ਦਾ ਇਕ ਅਨੌਖਾ ਤਰੀਕਾ ਲੱਭਿਆ। ਰੇਲਵੇ ਸਟੇਸ਼ਨ ’ਤੇ ਪਾਪ ਅੱਪ ਸਟੈਂਡ ਲਗਾਉਣ ਦੇ ਕੁਝ ਘੰਟਿਆਂ ਵਿਚ ਹੀ ਉਸ ਨੂੰ ਨੌਕਰੀ ਮਿਲ ਗਈ। ਦ ਮਿਰਰ ਦੀ ਰਿਪੋਰਟ ਮੁਤਾਬਕ ਲੰਡਨ ਦੇ 24 ਸਾਲਾ ਹੈਦਰ ਮਲਿਕ ਨੂੰ ਕੋਰੋਨਾ ਕਾਲ ਦੌਰਾਨ ਨੌਕਰੀ ਨਹੀਂ ਸੀ ਮਿਲੀ।
ਮਿਡਲਸੈਕਸ ਯੂਨੀਵਰਸਿਟੀ ਤੋਂ ਬੈਂਕਿੰਗ ਅਤੇ ਫਾਇਨਾਂਸ ’ਚ ਫਸਟ ਡਿਵੀਜ਼ਨ ਲੈਣ ਤੋਂ ਬਾਅਦ ਵੀ ਹੈਦਰ ਮਲਿਕ ਨੌਕਰੀ ਲਈ ਭਟਕ ਰਿਹਾ ਸੀ। ਉਹ ਲਗਾਤਾਰ ਜ਼ੂਮ ’ਤੇ ਇੰਟਰਵਿਊ ਦੇ ਰਿਹਾ ਸੀ ਪਰ ਸਫ਼ਲਤਾ ਨਹੀਂ ਮਿਲੀ। ਇਸ ਤੋਂ ਬਾਅਦ ਉਸ ਨੇ ਨੌਕਰੀ ਲੈਣ ਦਾ ਅਨੌਖਾ ਤਰੀਕਾ ਸੋੋਚਿਆ। ਉਸ ਨੇ ਇਕ ਬੋਰਡ ’ਤੇ ਸਾਰੀ ਜਾਣਕਾਰੀ ਲਿਖਦੇ ਹੋਏ ਆਪਣੀ ਸੀਵੀ ਅਤੇ ਲਿੰਕਡਨ ਪ੍ਰੋਫਾਈਲ ਦਾ ਕਿਊਆਰ ਕੋਡ ਸ਼ੇਅਰ ਕਰ ਦਿੱਤਾ।
ਹੈਦਰ ਮਲਿਕ ਦਾ ਕਹਿਣਾ ਹੈ ਕਿ ਉਸ ਨੂੰ ਇਹ ਕਰਨ ਲਈ ਉਸ ਦੇ ਪਿਤਾ ਮਹਿਮੂਦ ਮਲਿਕ ਨੇ ਪ੍ਰੇਰਿਤ ਕੀਤਾ। ਹੈਦਰ ਮਲਿਕ ਨੇ ਕਿਹਾ ਕਿ ਪਹਿਲੇ ਪੰਜ ਮਿੰਟ ਜਾਂ 10 ਮਿੰਟ ਮੈਨੂੰ ਘਬਰਾਹਟ ਮਹਿਸੂਸ ਹੋਈ ਕਿਉਂਕਿ ਮੈਂ ਉਥੇ ਖਾਲੀ ਹੱਥ ਖਡ਼ਿਆ ਸੀ।
ਹੈਦਰ ਮਲਿਕ ਨੇ ਕਿਹਾ,‘ਮੇਰ ਬੈਗ ਵਿਚ ਮੇਰਾ ਸੀਵੀ ਸੀ, ਮੈਂ ਉਥੇ ਖਾਲੀ ਹੱਥ ਖਡ਼੍ਹਾ ਸੀ ਅਤੇ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਆਪਣਾ ਸੀਵੀ ਹੱਥ ਵਿਚ ਲਿਆ ਅਤੇ ਲੋਕਾਂ ਨੂੰ ਸਿਰਫ਼ ਗੁਡ ਮਾਰਨਿੰਗ ਕਹਿਣ ਲੱਗਾ। ਇਸ ਦੌਰਾਨ ਬਹੁਤ ਸਾਰੇ ਲੋਕਾਂ ਨੇ ਮੈਨੂੰ ਆਪਣੇ ਕਾਰਡ ਦਿੱਤੇ। ਉਨ੍ਹਾਂ ਨੇ ਮੈਨੂੰ ਆਪਣੇ ਫੋਨ ਨੰਬਰ ਦਿੱਤੇ ਅਤੇ ਮੇਰੇ ਨਾਲ ਗੱਲ ਕਰਨ ਲੱਗੇ, ਕਿਸੇ ਨੇ ਮੇਰੀ ਫੋਟੋ ਵਾਇਰਲ ਕਰ ਦਿੱਤੀ।’






