ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ‘ਅਵਾਜ ਮਿਹਨਤ ਦੀ’ ਇੱਕ ਪ੍ਰੋਗਰਾਮ ਦਾ ਆਗਾਜ ਕੀਤਾ ਹੈ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਹੁਣ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣ ਕੇ ਕੁੱਝ ਮਹੀਨਿਆਂ ਵਿੱਚ ਹੀ ਉਨ੍ਹਾਂ ਦਾ ਹੱਲ ਕਰੇਗੀ। ਇਸ ਵਾਸਤੇ ਸੂਬਾ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ‘ਅਵਾਜ ਮਿਹਨਤ ਦੀ’ ਇੱਕ ਪ੍ਰੋਗਰਾਮ ਦਾ ਆਗਾਜ ਕੀਤਾ ਹੈ। ਮਾਨਸਾ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਅਧਿਕਾਰੀ, ਯੂਥ ਕਾਂਗਰਸ ਦੇ ਵਰਕਰਾਂ ਨਾਲ ਸਹਿਯੋਗ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨਗੇ। ਇਸ ਵਾਸਤੇ ਇੱਕ ਫਾਰਮ ਜਾਰੀ ਕਰ ਦਿੱਤਾ ਗਿਆ ਹੈ। ਮਾਨਸਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਚੁਸ਼ਪਿੰਦਰਵੀਰ ਸਿੰਘ ਭੁਪਾਲ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਯੂਥ ਡੇ ਮੌਕੇ 12 ਜਨਵਰੀ ਨੂੰ ਜ਼ਿਲ੍ਹਾ ਪੱਧਰ ਤੇ ਆਨਲਾਇਨ ਵੱਖ ਵੱਖ ਵਰਗਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਦਾ ਇੱਕ ਸਮਾਗਮ ਵਿੱਢਿਆ ਹੈ। ਜਿਸ ਵਿੱਚ ਵਕੀਲ, ਡਾਕਟਰ, ਅਧਿਆਪਕ, ਸ਼ੈਲਰ ਮਾਲਕ, ਵਪਾਰੀ, ਇੰਜੀਨੀਅਰ, ਮਜ਼ਦੂਰ, ਖੇਡਾਂ ਨਾਲ ਸਬੰਧਿਤ ਨੌਜਵਾਨ, ਮੁਲਾਜ਼ਮ ਅਤੇ ਆਮ ਲੋਕ ਸ਼ਾਮਿਲ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਨਲਾਇਨ ਸਾਰੇ ਵਰਗਾਂ ਦੀਆਂ ਸਮੱਸਿਆਵਾਂ ਸੁਣ ਕੇ 6 ਮਹੀਨੇ ਵਿੱਚ ਉਨ੍ਹਾਂ ਨੂੰ ਹੱਲ ਕਰਨ ਦੇ ਆਦੇਸ਼ ਜਾਰੀ ਕਰਨਗੇ। ਉਨ੍ਹਾਂ ਕਿਹਾ ਕਿ ਜਮੀਨੀ ਪੱਧਰ ਤੇ ਸਰਕਾਰ ਇਹ ਕੰਮ ਕਰਦੀ ਹੋਈ ਸੂਬੇ ਵਾਸੀਆਂ ਲਈ ਹਰ ਤਰ੍ਹਾਂ ਦੀ ਮੁਸ਼ਕਿਲ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਕੇ ਦਰਵਾਜੇ ਦਰਵਾਜੇ ਤੇ ਜਾਵੇਗੀ। ਭੁਪਾਲ ਨੇ ਕਿਹਾ ਕਿ ਇਸ ਤੋਂ ਬਾਅਦ ਐਨ.ਆਰ.ਆਈ ਵਿਅਕਤੀਆਂ ਦੀਆਂ ਮੁਸ਼ਕਿਲਾਂ ਸੁਣਨ ਦਾ ਵੀ ਪ੍ਰੋਗਰਾਮ ਵਿੱਢਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ‘ਅਵਾਜ ਮਿਹਨਤ ਦੀ’ ਪ੍ਰੋਗਰਾਮ ਤਹਿਤ ਫਾਰਮ ਭਰੇ ਜਾ ਰਹੇ ਹਨ ਅਤੇ 12 ਜਨਵਰੀ ਨੂੰ ਇੰਨ੍ਹਾਂ ਨੂੰ ਮੁੱਖ ਮੰਤਰੀ ਦੇ ਸਨਮੁੱਖ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਿਕਾਸ ਗਤੀ ਦੇ ਨਾਲ ਨਾਲ ਇਸ ਸਾਲ ਲੋਕਾਂ ਦੀਆਂ ਮੁਸ਼ਕਿਲਾਂ, ਉਨ੍ਹਾਂ ਦੇ ਨਿਪਟਾਰੇ ਅਤੇ ਹਰ ਤਰ੍ਹਾਂ ਦੇ ਵਿਵਾਦਾਂ ਨੂੰ ਹੱਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਵੇਗੀ। ਭੁਪਾਲ ਨੇ ਕਿਹਾ ਕਿ ਇਸ ਵਿੱਚ ਮਾਨਸਾ ਜ਼ਿਲ੍ਹਾ ਪ੍ਰਸ਼ਾਸ਼ਨ ਅਧਿਕਾਰੀਆਂ ਦੇ ਨਾਲ ਉਹ ਮੁਸ਼ਕਿਲਾਂ ਦੇ ਨਿਪਟਾਰੇ ਲਈ ਪੂਰਨ ਸਹਿਯੋਗ ਕਰਨਗੇ ਅਤੇ ਇਸ ਵਾਸਤੇ ਯੂਥ ਕਾਂਗਰਸ ਦਾ ਹਰ ਵਰਕਰ ਅਤੇ ਅਹੁਦੇਦਾਰ ਤਨਦੇਹੀ ਨਾਲ ਕੰਮ ਕਰੇਗਾ। ਇਸ ਮੌਕੇ ਉਨ੍ਹਾਂ ਨਾਲ ਐਡਵੋਕੇਟ ਲਖਵਿੰਦਰ ਸਿੰਘ ਲਖਣਪਾਲ, ਰਾਜੂ ਘਰਾਂਗਣਾ, ਗੁਰਪ੍ਰੀਤ ਸਿੰਘ ਖੋਖਰ, ਮਲਕੀਤ ਸਿੰਘ, ਦੀਪਕ ਮਹਿਤਾ ਆਦਿ ਹਾਜ਼ਰ ਸਨ।





