
ਲੁਧਿਆਣਾ,ਜਸਵੀਰ ਰਾਣੂ : ਇਕ ਮਹੀਨਾ ਪਹਿਲੋਂ ਸ਼ੇਰਪੁਰ ਕਲਾਂ ਦੀ ਚੇਤਨ ਫੈਕਟਰੀ ‘ਚ ਨੌਕਰੀ ਲਈ ਆਈ 20 ਸਾਲਾਂ ਦੀ ਕੁੜੀ ਨੂੰ ਉਸੇ ਫੈਕਟਰੀ ਦੇ ਦੋ ਅਧੇੜ ਉਮਰ ਦੇ ਮੁਲਾਜ਼ਮਾਂ ਨੇ ਫੈਕਟਰੀ ਦੇ ਅੰਦਰ ਹੀ ਹਵਸ ਦਾ ਸ਼ਿਕਾਰ ਬਣਾ ਲਿਆ। ਇਸ ਮਾਮਲੇ ਵਿੱਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ ‘ਤੇ ਫੈਕਟਰੀ ਮੁਲਾਜ਼ਮ ਸੰਜੇ ਸਿੰਘ ਤੇ ਕੁੰਵਰ ਬਹਾਦਰ ਖਿਲਾਫ਼ ਗੈਂਗਰੇਪ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਜਾਣਕਾਰੀ ਦਿੰਦਿਆਂ ਥਾਣਾ ਮੋਤੀ ਨਗਰ ਦੀ ਸਬ ਇੰਸਪੈਕਟਰ ਸਿਮਰਨਜੀਤ ਕੌਰ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਕੁੜੀ ਇਕ ਮਹੀਨਾ ਪਹਿਲੋਂ ਸ਼ੇਰਪੁਰ ਕਲਾਂ ਦੀ ਚੇਤਨ ਫੈਕਟਰੀ ‘ਚ ਨੌਕਰੀ ਲਈ ਆਈ। ਫੈਕਟਰੀ ਦੇ ਹੀ ਪੁਰਾਣੇ ਮੁਲਾਜ਼ਮ ਸੰਜੇ ਸਿੰਘ ਤੇ ਕੁੰਵਰ ਬਹਾਦਰ ਕੁੜੀ ‘ਤੇ ਮਾੜੀ ਨਜ਼ਰ ਰੱਖਣ ਲੱਗ ਪਏ। ਮੌਕਾ ਮਿਲਦਿਆਂ ਹੀ ਦੋਵੇਂ ਮੁਲਜ਼ਮਾਂ ਦੁਪਹਿਰ ਵੇਲੇ ਮੁਟਿਆਰ ਨੂੰ ਫੈਕਟਰੀ ਦੇ ਇੱਕ ਵਿਰਾਨ ਕੋਨੇ ਵਿੱਚ ਲੈ ਗਏ। ਮੁਲਜ਼ਮਾਂ ਨੇ ਕੁੜੀ ਨੂੰ ਡਰਾ ਧਮਕਾ ਕੇ ਉਸ ਦੀ ਆਬਰੂ ਲੁੱਟ ਲਈ। ਫੈਕਟਰੀ ਦੀ ਤੇਜ਼ ਆਵਾਜ਼ ਹੋਣ ਨਾਲ ਕੁੜੀ ਦੀ ਆਵਾਜ਼ ਕਿਸੇ ਤਕ ਵੀ ਨਾ ਪਹੁੰਚੀ। ਜਬਰ ਜ਼ਨਾਹ ਕਰਨ ਤੋਂ ਬਾਅਦ ਦੋਵੇਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਮੁਟਿਆਰ ਦੀ ਹਾਲਤ ਖ਼ਰਾਬ ਹੋਈ ਦੇਖ ਉਸ ਨੂੰ ਲਾਗੇ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ।





