
ਬਰਨਾਲਾ, (ਕਰਨਪ੍ਰੀਤ ਧੰਦਰਾਲ) : ਪਟਿਆਲਾ ਰੋਡ ‘ਤੇ ਪਿੰਡ ਬਾਲਦ ਕਲਾਂ ਤੇ ਨਦਾਮਪੁਰ ਵਿੱਚਕਾਰ ਵਾਪਰੇ ਇੱਕ ਸੜਕ ਹਾਦਸੇ ‘ਚ ਕਾਰ ਸਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਮ੍ਰਿਤਸਰ ਦੇ ਦੋ ਸੇਵਾਦਾਰ ਗੰਭੀਰ ਰੂਪ ‘ਚ ਜ਼ਖਮੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰਦੁਆਰਾ ਕੁਰਾਲੀ ਸਾਹਿਬ ਵਿਖੇ ਤਾਇਨਾਤ ਅਕਾਉਟੈਂਟ ਗੁਰਮੀਤ ਸਿੰਘ ਤੇ ਰਿਕਾਰਡ ਕਿੱਪਰ ਗੁਰਮੁੱਖ ਸਿੰਘ ਦਫਤਰੀ ਕੰਮ ਦੇ ਸਿਲਸਿਲੇ ‘ਚ ਅੱਜ ਸਵੇਰੇ ਆਲਟੋ ਕਾਰ ’ਚ ਦਮਦਮਾ ਸਾਹਿਬ ਲਈ ਰਵਾਨਾ ਹੋਏ ਸਨ। ਰਾਸਤੇ ’ਚ ਭਵਾਨੀਗੜ੍ਹ ਤੋਂ ਪਹਿਲਾਂ ਪਿੰਡ ਨਦਾਮਪੁਰ-ਬਾਲਦ ਕਲਾਂ ਦੇ ਵਿਚਕਾਰ ਇੰਨਾਂ ਦੀ ਕਾਰ ਅਚਾਨਕ ਬੇਕਾਬੂ ਹੋ ਕੇ ਡਿਵਾਇਡਰ ਤੋਂ ਉਛਲਦੀ ਹੋਈ ਪਟਿਆਲਾ ਜਾ ਰਹੀ ਇੱਕ ਹੋਰ ਕਾਰ ਨਾਲ ਜਾ ਟਕਰਾ ਗਈ। ਹਾਦਸੇ ਦੌਰਾਨ ਪਟਿਆਲਾ ਜਾ ਰਹੀ ਕਾਰ ਸੜਕ ਕਿਨਾਰੇ ਡੂੰਘੇ ਖਤਾਨਾ ‘ਚ ਜਾ ਗਿਰੀ, ਜਿਸ ਦੇ ਚਾਲਕ ਦਾ ਬਚਾਅ ਹੋ ਗਿਆ। ਦੂਜੇ ਪਾਸੇ ਅਲਟੋ ਕਾਰ ‘ਚ ਸਵਾਰ ਗੁਰਮੁੱਖ ਸਿੰਘ ਤੇ ਗੁਰਮੀਤ ਸਿੰਘ ਨੂੰ ਹਾਦਸੇ ‘ਚ ਗੰਭੀਰ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਪਟਿਆਲਾ ਲਿਜਾਂਦਾ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।




