
ਮਾਨਸਾ/ਟਿਕਰੀ/ਦਿੱਲੀ, 11 ਅਕਤੂਬਰ (ਗੁਰਜੰਟ ਸਿੰਘ ਬਾਜੇਵਾਲੀਆ)ਅੱਜ ਸੰਯੁਕਤ ਕਿਸਾਨ ਮੋਰਚਾ ਟਿਕਰੀ ਬਾਰਡਰ ਦਿੱਲੀ ਦੀ ਸਟੇਜ ਤੋਂ ਜ਼ਮੀਨੀ ਘੋਲ ਦੇ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਨੂੰ ਉਨਾਂ ਦੇ 11ਵੇਂ ਸ਼ਹੀਦੀ ਦਿਵਸ ਮੌਕੇ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਸ ਮੌਕੇ ਬੋਲਦਿਆਂ ਕਿਸਾਨ ਮੋਰਚੇ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਕਿ 11 ਅਕਤੂਬਰ 2010 ਨੂੰ ਬੀਰੋਕੇ ਖੁਰਦ ਵਿਚ ਇਕ ਖੂਨਚੂਸ ਸੂਦਖੋਰ ਵੱਲੋਂ ਪਿੰਡ ਦੇ ਇਕ ਗ਼ਰੀਬ ਕਿਸਾਨ ਭੋਲਾ ਸਿੰਘ ਦੀ ਜ਼ਮੀਨ ਦੀ ਕੁਰਕੀ ਮੌਕੇ ਨਾਲ ਲਿਆਂਦੇ ਗਏ ਜ਼ਮੀਨ ਕਬਜ਼ਾ ਗਿਰੋਹ ਦੇ ਗੁੰਡਿਆਂ ਵੱਲੋਂ ਚਲਾਈ ਗੋਲੀ ਲੱਗਣ ਕਾਰਨ ਨੌਜਵਾਨ ਕਿਸਾਨ ਆਗੂ ਪਿਰਥੀਪਾਲ ਸਿੰਘ ਚੱਕ ਅਲੀਸ਼ੇਰ ਮੌਕੇ ‘ਤੇ ਹੀ ਸ਼ਹੀਦ ਹੋ ਗਏ ਅਤੇ ਦੋ ਹੋਰ ਸਾਥੀ ਗੰਭੀਰ ਰੂਪ ਚ ਜ਼ਖ਼ਮੀ ਹੋਏ ਸਨ। ਕਿਸਾਨ ਘੋਲ ਦੇ ਦਬਾਅ ਕਾਰਨ ਪੁਲਸ ਪ੍ਰਸ਼ਾਸਨ ਨੂੰ ਸੂਦਖੋਰਾਂ ਅਤੇ ਉਨਾਂ ਦੇ ਗੁੰਡਾ ਗਰੋਹ ਨੂੰ ਤੁਰੰਤ ਇਸ ਕੇਸ ਵਿਚ ਗ੍ਰਿਫਤਾਰ ਕਰਨਾ ਪਿਆ ਅਤੇ ਕੇਸ ਦੀ ਮਜ਼ਬੂਤੀ ਨਾਲ ਪੈਰਵੀ ਕਰਨ ਸਦਕਾ ਅਦਾਲਤ ਵਲੋ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਉਨਾਂ ਦਸਿਆ ਕਿ ਇਸ ਕਿਸਾਨ ਆਗੂ ਦੀ ਕੁਰਬਾਨੀ ਸਦਕਾ ਵਿਕਸਤ ਹੋਏ ਕਿਸਾਨ ਅੰਦੋਲਨ ਦੇ ਦਬਾਅ ਕਾਰਨ ਸੂਦਖੋਰਾਂ ਤੇ ਬਦਮਾਸ਼ਾਂ ਦਾ ਜ਼ੋ ਹਸ਼ਰ ਹੋਇਆ ਉਸ ਕਰਕੇ ਪੂਰੇ ਮਾਲਵਾ ਖਿੱਤੇ ਵਿਚ ਅੱਜ ਤੱਕ ਕਰਜ਼ੇ ਦੇ ਜਾਲ ‘ਚ ਫਸੇ ਕਿਸਾਨਾਂ ਦੀ ਜ਼ਮੀਨਾਂ ਕੁਰਕ ਨਿਲਾਮ ਕਰਵਾਉਣ ਲਈ ਮੁੜ ਕੋਈ ਪਿੰਡਾਂ ਵਿਚ ਪੈਰ ਧਰਨ ਦੀ ਜੁਰਅਤ ਨਹੀਂ ਕਰ ਸਕਿਆ। ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਜਾਰੀ ਇਤਿਹਾਸਕ ਕਿਸਾਨ ਦਾ ਨਿਸ਼ਾਨਾ ਵੀ ਹੁਣ ਮੋਦੀ ਸਰਕਾਰ ਅਤੇ ਉਸ ਦੇ ਕਾਰਪੋਰੇਟ ਮਾਲਕਾਂ – ਜੋ ਕਿਸਾਨੀ ਦੀਆਂ ਉਪਜਾਊ ਜ਼ਮੀਨਾਂ ਉਤੇ ਕਬਜ਼ਾ ਕਰਨ ਦੀਆਂ ਗੋਂਦਾਂ ਗੁੰਦ ਰਹੇ ਹਨ – ਨੂੰ ਇਹੀ ਕਰਾਰਾ ਸਬਕ ਸਿਖਾਉਣਾ ਹੈ। ਅੱਜ ਦੇ ਸਮਾਗਮ ਦੀ ਪ੍ਰਧਾਨਗੀ ਬੀਕੇਯੂ ਲੱਖੋਵਾਲ ਦੇ ਸੂਬਾਈ ਆਗੂ ਨਿਰਮਲ ਸਿੰਘ ਝੰਡੂਕੇ ਨੇ ਕੀਤੀ।
ਇਸ ਮੌਕੇ ਬੋਲਦਿਆਂ ਸੰਯੁਕਤ ਕਿਸਾਨ ਮੋਰਚਾ ਦੇ ਨੌਜਵਾਨ ਆਗੂ ਰਜਿੰਦਰ ਦੀਪ ਸਿੰਘ ਵਾਲਾ ਨੇ ਕਿਹਾ ਕਿ ਲਖੀਮਪੁਰ ਖੀਰੀ ਕਤਲ ਕਾਂਡ ਦੇ ਦੋਸ਼ੀਆਂ ਵਿਚ ਸ਼ਾਮਲ ਅਜੇ ਮਿਸ਼ਰਾ ਦਾ ਮੋਦੀ ਸਰਕਾਰ ਵਿੱਚ ਮੰਤਰੀ ਬਣੇ ਰਹਿਣਾ ਸਿਆਸੀ ਨੈਤਿਕਤਾ ਅਤੇ ਸੰਵਿਧਾਨ ਨਾਲ ਕੋਝਾ ਮਜ਼ਾਕ ਹੈ। ਉਨ੍ਹਾਂ ਕਿਹਾ ਕਿ ਅੰਦੋਲਨਕਾਰੀ ਕਿਸਾਨਾਂ ਪ੍ਰਤੀ ਨਫ਼ਰਤ ਭੜਕਾਉਣ, ਹਮਲੇ ਦੀ ਅਪਰਾਧਕ ਸਾਜ਼ਿਸ਼ ਰਚਣ, ਕਾਤਲਾਂ ਨੂੰ ਪਨਾਹ ਦੇਣ ਅਤੇ ਨਿਆਂ ‘ਚ ਰੁਕਾਵਟ ਪਾਉਣ ਵਿਚ ਇਸ ਕੇਂਦਰੀ ਮੰਤਰੀ ਦੀ ਭੂਮਿਕਾ ਬੜੀ ਪ੍ਰਤੱਖ ਹੈ। ਇਸ ਲਈ ਅਜਿਹੇ ਵਿਅਕਤੀ ਦੇ ਕੇਂਦਰ ਸਰਕਾਰ ‘ਚ ਮੰਤਰੀ ਬਣੇ ਰਹਿਣ ਨਾਲ ਕੇਸ ਦੀ ਨਿਰਪੱਖ ਜਾਂਚ ਸੰਭਵ ਹੀ ਨਹੀਂ ਹੈ। ਸੋ ਅਜੇ ਟੈਣੀ ਨੂੰ ਫੌਰੀ ਤੌਰ ‘ਤੇ ਮੰਤਰੀ ਮੰਡਲ ਵਿਚੋਂ ਬਰਖ਼ਾਸਤ ਕਰ ਕੇ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।
ਇਸ ਮੌਕੇ ਪਾਸ ਕੀਤੇ ਇਕ ਮਤੇ ਵਿਚ ਕਿਹਾ ਗਿਆ ਕਿ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ ਲਈ ਵੱਧ ਤੋਂ ਵੱਧ 34 ਕੁਇੰਟਲ ਪ੍ਰਤੀ ਏਕੜ ਦੀ ਹੱਦ ਤੈਅ ਕਰਨਾ ਇਕ ਘੋਰ ਕਿਸਾਨ ਵਿਰੋਧੀ ਫ਼ੈਸਲਾ ਹੈ। ਕੇਂਦਰ ਸਰਕਾਰ ਦਾ ਇਹ ਫੈਸਲਾ ਕਿਸਾਨਾਂ ਨੂੰ ਵੱਧ ਪੈਦਾਵਾਰ ਕਰਨ ਲਈ ਅਸਿੱਧੇ ਰੂਪ ਚ ਦਿੱਤੀ ਗਈ ਸਜ਼ਾ ਹੈ । ਮਤੇ ਵਿਚ ਇਹ ਹੁਕਮ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ ।
ਬਲਦੇਵ ਭਾਈਰੂਪਾ ਤੇ ਜਗਦੇਵ ਕਾਨਿਆਂਵਾਲੀ ਨੇ ਸਰਕਾਰ ਨੂੰ ਸਖ਼ਤ ਸ਼ਬਦਾਂ ਵਿੱਚ ਚਿਤਾਵਨੀ ਦਿੰਦਿਆਂ ਕਿਹਾ ਕਿ ਕਈ ਜਗ੍ਹਾ ਤੇ ਝੋਨੇ ਦੇ ਵਿੱਚ ਜ਼ਿਆਦਾ ਨਮੀ ਦਾ ਬਹਾਨਾ ਲਾ ਕੇ ਖਰੀਦ ਤੋਂ ਟਾਲ ਮਟੋਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਫੌਰੀ ਇਸ ਵੱਲ ਧਿਆਨ ਦੇਵੇ, ਨਹੀਂ ਤਾਂ ਮੋਰਚੇ ਨੂੰ ਇਸ ਬਾਰੇ ਕੋਈ ਸਖ਼ਤ ਫ਼ੈਸਲਾ ਲੈਣ ਲਈ ਮਜ਼ਬੂਰ ਹੋਣਾ ਪਵੇਗਾ।
ਇਸ ਮੌਕੇ ਕਿਸਾਨ ਆਗੂਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਕਿਸਾਨ ਮਜ਼ਦੂਰ ਆਪਣੀ ਨਰਮੇ ਦੀ ਖ਼ਰਾਬ ਹੋਈ ਫ਼ਸਲ ਦੇ ਮੁਆਵਜ਼ੇ ਲਈ ਸੜਕਾਂ ‘ਤੇ ਰੁਲ ਰਹੇ ਹਨ, ਇਸ ਲਈ ਪੰਜਾਬ ਤੇ ਹਰਿਆਣਾ ਸਰਕਾਰ ਫੌਰੀ ਤੌਰ ‘ਤੇ ਇਸ ਮਾਮਲੇ ਵੱਲ ਧਿਆਨ ਦੇ ਕੇ ਪੀੜਤ ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ ਢੁੱਕਵੇਂ ਮੁਆਵਜ਼ੇ ਦਾ ਐਲਾਨ ਕਰਨ।
ਮੰਚ ਤੋਂ ਐਲਾਨ ਕੀਤਾ ਗਿਆ ਕਿ ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਨੂੰ ਉਨਾਂ ਦੀ ਅੰਤਮ ਅਰਦਾਸ ਮੌਕੇ ਕੱਲ੍ਹ ਟਿਕਰੀ ਬਾਰਡਰ ਸਟੇਜ ਤੋਂ ਵੀ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾਣਗੀਆਂ ਅਤੇ ਸ਼ਾਮ ਨੂੰ ਮੋਰਚੇ ‘ਤੇ ਕੈਂਡਲ ਮਾਰਚ ਵੀ ਕੱਢਿਆ ਜਾਵੇਗਾ। ਸ਼ਰਧਾਂਜਲੀ ਸਮਾਗਮ ਨੂੰ ਹਰਪ੍ਰੀਤ ਝਬੇਲਵਾਲੀ, ਪ੍ਰਿੰਸੀਪਲ ਸ਼ਾਰਧਾ ਦੀਕਸ਼ਿਤ, ਲਖਵਿੰਦਰ ਪੀਰ ਮੁਹੰਮਦ , ਅਮਰਜੀਤ ਮਹਿਲ ਕਲਾਂ, ਬਲਵਿੰਦਰ ਗੰਗਾ, ਅਮਰੀਕ ਫਫੜੇ ਭਾਈਕੇ ਤੋਂ ਇਲਾਵਾ ਹਰਿਆਣਾ ਦੇ ਕਿਸਾਨ ਆਗੂਆਂ ਰਮੇਸ਼ ਪਾਈ, ਤੇਜਿੰਦਰ ਸਿੰਘ ਰੱਤੀਆ, ਸੁਮਿਤ ਛਿੱਲਰ ਸ਼ਿਕਾਰਾ ਖਾਪ, ਰਮੇਸ਼ ਸੁਡਾਨਾ ਦਲਾਲ ਖਾਪ 84 ਆਦਿ ਨੇ ਵੀ ਸੰਬੋਧਨ ਕੀਤਾ।





