ਮੋਦੀ ਸਰਕਾਰ ਵੱਲੋਂ ਦੇਸ਼ ਦੇ ਕਿਸਾਨਾਂ ਤੇ ਖੇਤੀ ਮਾਰੂ ਕਾਨੂੰਨ ਜਬਰਦਸਤੀ ਲਾਗੂ ਕੀਤੇ ਜਾ ਰਹੇ ਹਨ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਜਿੱਥੇ ਪੋਹ ਦੇ ਮਹੀਨੇ ਵਿੱਚ ਮੌਕੇ ਦੀ ਜਾਲਮ ਸਰਕਾਰ ਵੱਲੋਂ ਤਸੱਦਦ ਕਰਕੇ ਸਾਡੇ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਅਤੇ ਮਾਤਾ ਗੁਜ਼ਰੀ ਨੂੰ ਸ਼ਹੀਦ ਕੀਤਾ ਗਿਆ ਉਸੇ ਤਰਾਂ ਹੀ ਮੋਦੀ ਸਰਕਾਰ ਵੱਲੋਂ ਦੇਸ਼ ਦੇ ਕਿਸਾਨਾਂ ਤੇ ਖੇਤੀ ਮਾਰੂ ਕਾਨੂੰਨ ਜਬਰਦਸਤੀ ਲਾਗੂ ਕੀਤੇ ਜਾ ਰਹੇ ਹਨ ਜਿਸ ਦਾ ਵਿਰੋਧ ਕਰਦੇ ਹੋਏ ਮੋਦੀ ਸਰਕਾਰ ਨਾਲ ਟੱਕਰ ਲੈ ਰਹੇ ਕਿਸਾਨ ਸ਼ਹੀਦ ਹੋ ਰਹੇ ਹਨ, ਜਿੰਨਾਂ ਦੀ ਸਹਾਦਤ ਨੂੰ ਅਜਾਈਂ ਨਹੀਂ ਜਾਣ ਦਿੱਤਾ ਜਾਵੇਗਾ।
ਉਕਤ ਵਿਚਾਰਾਂ ਦਾ ਪ੍ਰਗਟਾਵਾ ਇਥੇ ਦਾਣਾ ਮੰਡੀ ‘ਚ ਕਿਸਾਨੀ ਦੇ ਦੇਸ਼ ਵਿਆਪੀ ਅੰਦੋਲਨ ‘ਚ ਸ਼ਹੀਦ ਹੋਏ ਕਿਸਾਨਾਂ ਨੂੰ ਸਰਧਾਂਜਲੀ ਭੇਂਟ ਕਰਦੇ ਹੋਏ ਬੁਲਾਰਿਆਂ ਨੇ ਕੀਤਾ। ਕਿਸਾਨਾਂ ਵੱਲੋਂ ਮਾਨਸਾ ਦੇ ਰੇਲਵੇ ਸਟੇਸ਼ਨ ਤੇ ਇਕੱਠੇ ਹੋਕੇ ਦਾਚਾ ਮੰਡੀ ਤੱਕ ਮਾਰਚ ਕੀਤਾ ਗਿਆ ਅਤੇ ਦਾਣਾ ਮੰਡੀ ਵਿੱਚ ਦੋ ਮਿੰਟ ਦਾ ਮੋਨ ਰੱਖਕੇ ਅਤੇ ਫੁੱਲ ਭੇਂਟ ਕਰਕੇ ਸਰਧਾਂਜਲੀ ਭੇਂਟ ਕੀਤੀ ਗਈ । ਬੁਲਾਰਿਆਂ ਨੇ ਕਿਹਾ ਕਿ ਇਸ ਕਿਸਾਨੀ ਅੰਦੋਲਨ ‘ਚ ਸ਼ਹੀਦ ਹੋਏ ਕਿਸਾਨ ਸਾਡਾ ਸਰਮਾਇਆ ਹਨ ਅਤੇ ਕਿਸਾਨਾਂ ਦੀਆਂ ਇਹਨਾਂ ਕੁਰਬਾਨੀਆਂ ਨੂੰ ਅਜਾਈਂ ਨਹੀਂ ਜਾਣ ਦਿੱਤਾ ਜਾਵੇਗਾ। ਬੁਲਾਰਿਆਂ ਨੇ ਕਿਹਾ ਕਿ ਮੋਦੀ ਦੀ ਸਰਕਾਰ ਵੱਲੋਂ ਖੇਤੀ ਬਿੱਲਾਂ ਨੂੰ ਸਹੀ ਸਾਬਤ ਕਰਨ ਲਈ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਖੇਤੀ ਸਾਡੇ ਦੇਸ਼ ਦੀ ਰੀੜ ਦੀ ਹੱਡੀ ਹੈ ਤੇ ਮੋਦੀ ਸਾਡੀ ਰੀੜ ਦੀ ਹੱਡੀ ਤੋੜਕੇ ਸਾਡੇ ਦੇਸ਼ ਦੇ ਲੋਕਾਂ ਨੂੰ ਕਾਰਪੋਰੇਟ ਘਰਾਂਣਿਆ ਦੇ ਹਵਾਲੇ ਕਰਨ ਜਾ ਰਹੀ ਹੈ ਜਿਸ ਨੂੰ ਲੋਕ ਕਦੇ ਵੀ ਬਰਦਾਸਤ ਨਹੀਂ ਕਰਨਗੇ ਅਤੇ ਸਾਡੇ ਦੇਸ਼ ਦੇ ਕਿਸਾਨ ਕਰੋ ਜਾਂ ਮਰੋ ਦੀ ਲੜਾਈ ਲੜ ਰਹੇ ਹਨ ਤਾਂ ਜੋ ਆਉਣ ਵਾਲਾ ਭਵਿੱਖ ਸੁਰੱਖਿਤ ਰੱਖਿਆ ਜਾ ਸਕੇ। ਬੁਲਾਰਿਆਂ ਵੱਲੋਂ ਯੂ.ਪੀ. ਬਾਰਡਰ ਤੇ ਯੂ.ਪੀ. ਪੁਲਿਸ ਔਰਤਾਂ ਤੇ ਕੀਤੇ ਲਾਠੀਚਾਰਜ ਦੀ ਨਿਖੇਧੀ ਕੀਤੀ ਗਈ । ਇਸ ਮੌਕੇ ਪੰਜਾਬ ਕਿਸਾਨ ਯੂਨੀਅਨ ਦੇ ਐੱਡਵੋਕੇਟ ਬਲਕਰਨ ਸਿੰਘ ਬੱਲੀ, ਜਮਹੂਰੀ ਕਿਸਾਨ ਸਭਾ ਦੇ ਆਗੂ ਮੇਜ਼ਰ ਸਿੰਘ ਦੂਲੋਵਾਲ, ਕੁਲ ਹਿੰਦ ਕਿਸਾਨ ਸਭਾ ਆਗੂ ਕੁਲਵਿੰਦਰ ਸਿੰਘ ਉਡਤ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਬਲਵੀਰ ਕੌਰ, ਭਾਰਤੀ ਕਿਸਾਨ ਯੂਨੀਅਨ ਮਾਨਸਾ ਵੱਲੋਂ ਕਾਕਾ ਸਿੰਘ ਤਲਵੰਡੀ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਭਜਨ ਸਿੰਘ ਘੁੰਮਣ, ਕੁਲ ਹਿੰਦ ਕਿਸਾਨ ਸਭਾ ਵੱਲੋਂ ਦਰਸ਼ਨ ਮਾਨਸਾ, ਮੁਸਲਿਮ ਫਰੰਟ ਪੰਜਾਬ ਵੱਲੋਂ ਹੰਸਰਾਜ ਇਸ ਮੋਫਰ, ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਆਗੂ ਮਾਸਟਰ ਹਰਗਿਅਾਨ ਸਿੰਘ, ਤਰਕਸ਼ੀਲ ਸੰਸਥਾ ਵੱਲੋਂ ਲੱਖਾ ਸਿੰਘ ਸਹਾਰਨਾ, ਡੀ.ਸੀ. ਦਫਤਰ ਮੁਲਾਜ਼ਮ ਯੂਨੀਅਨ ਵੱਲੋਂ ਜਸਵੰਤ ਸਿੰਘ, ੲਿਨਕਲਾਬੀ ਨੌਜਵਾਨ ਸਭਾ ਵੱਲੋਂ ਬਿੰਦਰ ਅਲਖ, ਪ੍ਰਗਤੀਸੀਲ ਇਸਤਰੀ ਸਭਾ ਵੱਲੋਂ ਕਾਮਰੇਡ ਨਰਿੰਦਰ ਕੌਰ, ਸੀਟੂ ਵੱਲੋਂ ਘਣਸ਼ਿਆਮ ਨਿੱਕੂ, ਕਰਿਆਨਾ ਅਸੋਸੀਸ਼ਨ ਵੱਲੋਂ ਰਤਨ ਭੋਲਾ, ਪੈਨਸ਼ਨਰ ਵੱਲੋਂ ਮਨਿੰਦਰ ਸਿੰਘ, ਡੀ.ਟੀ.ਅਫ. ਵੱਲੋਂ ਅਮੋਲਕ ਸਿੰਘ ਡੇਲੂਆਣਾ, ਪੈਸਟੀਸਾਈਡਸ ਵੱਲੋਂ ਤਰਸੇਮ ਚੰਦ ਮਿੱਢਾ ਨੇ ਸੰਬੋਧਨ ਕੀਤਾ ਅਤੇ ਸਹੀਦਾਂ ਨੂੰ ਸਰਧਾਂਜਲੀ ਭੇਂਟ ਕੀਤੀ।





