
ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) ਤਿੰਨ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ, ਐਮ.ਐਸ.ਪੀ. ਦੀ ਕਾਨੂੰਨੀ ਗਰੰਟੀ ਅਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਦੇ ਆਧਾਰਿਤ ਬਣੇ ਸੰਯੁਕਤ ਕਿਸਾਨ ਮੋਰਚਾ ਜਿਲ੍ਹਾ ਮਾਨਸਾ ਦੀ ਇੱਕ ਹੰਗਾਮੀ ਮੀਟਿੰਗ ਤੇਜ ਸਿੰਘ ਚਕੇਰੀਆਂ ਦੀ ਪ੍ਰਧਾਨਗੀ ਹੇਠ ਸੁਤੰਤਰ ਭਵਨ ਵਿਖੇ ਹੋਈ। ਮੀਟਿੰਗ ਨੂੰ ਸਰਵ ਸਾਥੀ ਕੁੱਲ ਹਿੰਦ ਕਿਸਾਨ ਸਭਾ ਦਲਜੀਤ ਮਾਨਸ਼ਾਹੀਆ, ਮਲਕੀਤ ਮੰਦਰਾਂ, ਬੀ.ਕੇ.ਯੂ ਡਕੌਂਦਾ, ਇਕਬਾਲ ਮਾਨਸਾ, ਬਲਵਿੰਦਰ ਖਿਆਲਾ, ਬੀ.ਕੇ.ਯੂ. ਕਾਦੀਆਂ, ਕੁਲਦੀਪ ਸਿੰਘ ਚੱਕ ਭਾਈਕੇ, ਬੀ.ਕੇ.ਯੂ ਸਿੱਧੂਪੁਰ, ਨਾਜਰ ਸਿੰਘ ਝੁਨੀਰ, ਪੰਜਾਬ ਕਿਸਾਨ ਯੂਨੀਅਨ ਸੁਖਚਰਨ ਦਾਨੇਵਾਲੀਆ, ਹਾਕਮ ਝੁਨੀਰ, ਕੁੱਲ ਹਿੰਦ ਕਿਸਾਨ ਸਭਾ ਪੁੰਨਾਵਾਲ, ਬਲਦੇਵ ਬਾਜੇਵਾਲਾ, ਜਮਹੂਰੀ ਕਿਸਾਨ ਸਭਾ ਦੇ ਮੇਜਰ ਸਿੰਘ ਦੂਲੋਵਾਲ ਅਤੇ ਬੀ.ਕੇ.ਯੂ. ਮਾਨਸਾ, ਬੀ.ਕੇ.ਯੂ. ਲੱਖੋਵਾਲ ਆਗੂਆਂ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ਨੂੰ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਡਿੱਗ ਰਹੀ ਸ਼ਾਖ, ਮਾੜੀ ਆਰਥਿਕਤਾ, ਸਮਾਜਿਕ ਅਤੇ ਰਾਜਨੀਤਿਕ ਪ੍ਰਬੰਧਾਂ ਲਈ ਮੋਦੀ ਸਰਕਾਰ ਪੂਰੀ ਤਰ੍ਹਾਂ ਦੋਸ਼ੀ ਸਾਬਤ ਹੋ ਚੁੱਕੀ ਹੈ ਅਤੇ ਅੰਬਾਨੀ-ਅਡਾਨੀਆਂ ਦੀ ਤਰਜਮਾਨੀ ਅਤੇ ਉਹਨਾਂ ਨੂੰ ਲਾਭ ਪਹੁੰਚਾਉਣ ਲਈ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਜੋ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੀਆਂ ਹਨ । ਦੇਸ਼ ਵਿੱਚ 700 ਤੋਂ ਜਿਆਦਾ ਕਿਸਾਨਾਂ ਦੀ ਮੌਤ, ਲਖੀਮਪੁਰ ਖੀਰੀ ਆਦਿ ਘਟਨਾਵਾਂ ਮੋਦੀ ਸਰਕਾਰ ਦਾ ਅੰਬਾਨੀ ਅਡਾਨੀਆਂ ਨੂੰ ਅਣ ਅਧਿਕਾਰਤ ਅਤੇ ਗੈਰ ਸੰਵਿਧਾਨਿਕ ਤਰੀਕੇ ਨਾਲ ਦੇਸ਼ ਦੀ ਸੰਪਤੀ ਸੋਂਪਣ ਕਾਰਨ ਹੋ ਰਹੀਆਂ ਹਨ ਅਤੇ ਦੇਸ਼ ਦਾ ਨਿਆਂਪਾਲਿਕਾ ਇੱਕ ਪਾਸੇ ਵਿਖਾਈ ਦੇ ਰਿਹਾ ਹੈ। ਸਾਥੀ ਅਰਸ਼ੀ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ 18 ਅਕਤੂਬਰ ਦੇ ਰੇਲ ਰੋਕੋ ਐਕਸ਼ਨ ਦੀ ਕਾਮਯਾਬੀ ਲਈ ਵੱਡੀ ਗਿਣਤੀ ਵਿੱਚ ਸਾਥੀਆਂ ਨੂੰ ਮਾਨਸਾ ਪੁੱਜਣ ਦੀ ਅਪੀਲ ਕੀਤੀ। ਇਸ ਸਮੇਂ 16 ਅਕਤੂਬਰ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੋਦੀ ਅਤੇ ਅਮਿਤ ਸ਼ਾਹ ਦੇ ਪੁਤਲੇ ਫੂਕਣ ਸਬੰਧੀ ਪਿੰਡ ਪੱਧਰ ਤੱਕ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਇਕਬਾਲ ਸਿੰਘ ਉੱਭਾ, ਜਗਰਾਜ ਹੀਰਕੇ, ਸੀਤਾ ਰਾਮ ਗੋਬਿੰਦਪੁਰਾ, ਜੀਵਨ ਬੱਪੀਆਣਾ, ਕ੍ਰਿਸ਼ਨ ਚੌਹਾਨ ਆਦਿ ਆਗੂਆਂ ਨੇ ਸੰਬੋਧਨ ਕੀਤਾ।






