ਟੋਕੀਓ (ਏਜੰਸੀਆਂ) :

ਬੈਟਮੈਨ ਦੀ ਜੋਕਰ ਪੋਸ਼ਾਕ ਪਹਿਣੇ ਇਕ 24 ਸਾਲਾ ਵਿਅਕਤੀ ਨੇ ਐਤਵਾਰ ਸ਼ਾਮ ਨੂੰ ਟੋਕੀਓ ਟਰੇਨ ਲਾਈਨ ’ਤੇ ਯਾਤਰੀਆਂ ’ਤੇ ਹਮਲਾ ਕੀਤਾ, ਜਿਸ ਵਿਚ ਲਗਪਗ 8 ਲੋਕ ਜ਼ਖ਼ਮੀ ਹੋ ਗਏ, ਜਦਕਿ ਕਈ ਪਾਰਟੀ ਵਿਚ ਜਾਣ ਵਾਲੇ ਲੋਕ ਹੈਲੋਵੀਨ ਸਮਾਗਮਾਂ ਲਈ ਸਿਟੀ ਸੈਂਟਰ ਜਾ ਰਹੇ ਸਨ।
ਅਧਿਕਾਰੀਆਂ ਨੇ ਚਾਕੂ ਲੈ ਜਾ ਰਹੇ ਇਕ ਵਿਅਕਤੀ ਨੂੰ ਤੁਰੰਤ ਗਿ੍ਰਫ਼ਤਾਰ ਕਰ ਲਿਆ। ਇਹ ਜਾਣਕਾਰੀ ਸਥਾਨਕ ਮੀਡੀਆ ਨੇ ਦਿੱਤੀ ਹੈ। ਐੱਨਐੱਚਕੇ ਸਮੇਤ ਮੀਡੀਆ ਆਊਟਲੈੱਟਸ ਨੇ ਕਿਹਾ ਕਿ ਉਸ ਵਿਅਕਤੀ ਨੇ ਟਰੇਨ ਵਿਚ ਅੱਗ ਲਗਾ ਦਿੱਤੀ। ਜ਼ਖ਼ਮੀਆਂ ਵਿਚ ਇਕ ਦੀ ਹਾਲਤ ਗੰਭੀਰ ਹੈ।
ਅੱਗ ਤੋਂ ਬਚਣ ਲਈ ਖਿੜਕੀਆਂ ਤੋਂ ਬਾਹਰ ਨਿਕਲੇ ਲੋਕ
ਕਿਊਡੋ ਨਿਊਜ਼ ਦੀ ਰਿਪੋਰਟ ਵਿਚ ਦੱਸਿਆ ਗਿਆ ਕਿ ਚਾਕੂ ਲੈ ਕੇ ਜਾ ਰਹੇ ਉਸ ਵਿਅਕਤੀ ਨੇ ਟਰੇਨ ਵਿਚ ਚਾਰੋਂ ਪਾਸੇ ਹਾਈਡਰੋਕਲੋਰਿਕ ਐਸਿਡ ਫੈਲਾਅ ਦਿੱਤਾ ਸੀ। ਪੁਲਿਸ ਨੂੰ ਰਾਤ ਕਰੀਬ ਅੱਠ ਵਜੇ ਚਾਕੂ ਚਲਾਉਣ ਵਾਲੇ ਵਿਅਕਤੀ ਬਾਰੇ ਸੂਚਨਾ ਮਿਲੀ। ਇਹ ਘਟਨਾ ਮੱਧ ਟੋਕੀਓ ਵਿਚ ਸ਼ਿੰਜੁਕੁ ਲਈ ਜਾਣ ਵਾਲੀ ਇਕ 10 ਕਾਰ ਟਰੇਨ ਵਿਚ ਹੋਈ।
ਟਵਿੱਟਰ ’ਤੇ ਪੋਸਟ ਕੀਤੇ ਗਏ ਇਕ ਵੀਡੀਓ ਵਿਚ ਲੋਕਾਂ ਨੂੰ ਇਕ ਸਟੇਸ਼ਨ ’ਤੇ ਕੀਓ ਲਾਈਨ ਟਰੇਨ ਤੋਂ ਬਚਣ ਲਈ ਖਿੜਕੀਆਂ ਤੋਂ ਚੜ੍ਹਦੇ ਹੋਏ ਦਿਖਾਇਆ ਗਿਆ ਹੈ। ਦੇਸ਼ ਦੀਆਂ ਆਮ ਚੋਣਾਂ ਵਿਚ ਮਤਦਾਨ ਬੰਦ ਹੋਣ ਨਾਲ ਰਾਤ ਅੱਠ ਵਜੇ ਦੇ ਆਸਪਾਸ ਇਹ ਘਟਨਾ ਹੋਈ। ਘਟਨਾ ਦੇ ਤੁਰੰਤ ਬਾਅਦ ਟਰੇਨ ਕੰਪਨੀ ਦੇ ਅਧਿਕਾਰੀ ਤੁਰੰਤ ਨਹੀਂ ਪਹੁੰਚ ਸਕੇ।





