ਮਾਨਸਾ 12 ਜਨਵਰੀ:ਗੁਰਜੰਟ ਸਿੰਘ ਬਾਜੇਵਾਲੀਆ/ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਵੋਟਰਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਵੱਖ ਵੱਖ ਗਤੀਵਿਧੀਆਂ ਉਲੀਕੀਆਂ ਜਾ ਰਹੀਆਂ ਹਨ, ਜਿਸ ਤਹਿਤ ਜਿ਼ਲ੍ਹਾ ਚੋਣ ਅਫ਼ਸਰ, ਮਾਨਸਾ ਸ੍ਰੀ ਮਹਿੰਦਰ ਪਾਲ ਵੱਲੋਂ ਜਨਹਿੱਤ ਵਿਚ ਵੋਟ ਦੇ ਅਧਿਕਾਰ ਅਤੇ ਵੋਟ ਦੀ ਵਰਤੋਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਛੋਟੇ ਛੋਟੇ ਵੀਡੀਓ ਕਲਿੱਪ ਜਾਰੀ ਕੀਤੇ ਗਏ ਹਨ।
ਜਿ਼ਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਨ੍ਹਾਂ ਵੀਡੀਓ ਕਲਿੱਪਾਂ ਨੂੰ ਵੱਖ ਵੱਖ ਵਟਸਐਪ ਗਰੁੱਪਾਂ ਅਤੇ ਸ਼ੋਸ਼ਲ ਮੀਡੀਆ ਰਾਹੀਂ ਵੋਟਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਤਾਂ ਜੋ ਨੌਜਵਾਨ ਵੋਟਰਾਂ ਦੇ ਨਾਲ ਨਾਲ ਬਾਕੀ ਸਾਰੇ ਵੋਟਰ ਵੀ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਾ ਯਕੀਨੀ ਬਣਾਉਣ।ਸ਼ੋਸ਼ਲ ਮੀਡੀਆ ਅਤੇ ਗਰੁੱਪਾਂ ਵਿਚ ਜਾਰੀ ਇਨ੍ਹਾਂ ਵੀਡੀਓ ਕਲਿੱਪਸ ਨੂੰ ਵੋਟਰਾਂ ਵੱਲੋਂ ਕਾਫੀ ਸਰ੍ਹਾਹਿਆ ਜਾ ਰਿਹਾ ਹੈ।
ਇਨ੍ਹਾਂ ਵੀਡੀਓ ਕਲਿੱਪਸ ਨੂੰ ਜਾਰੀ ਕਰਨ ਸਮੇਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਅਮਰਪ੍ਰੀਤ ਕੌਰ, ਜਿ਼ਲ੍ਹਾ ਨੋਡਲ ਅਫ਼ਸਰ (ਸਵੀਪ) ਸ੍ਰੀ ਨਵਨੀਤ ਜੋਸ਼ੀ, ਚੋਣ ਤਹਿਸੀਲਦਾਰ ਸ੍ਰੀ ਹਰੀਸ਼ ਕੁਮਾਰ, ਨਰਿੰਦਰ ਸਿੰਘ ਮੋਹਲ, ਭਾਰਤ ਭੂਸ਼ਣ ਅਤੇ ਰਾਜੇਸ਼ ਯਾਦਵ ਹਾਜਰ ਸਨ।



