ਮਥੁਰਾ : ਮਥੁਰਾ ਸਥਿਤ ਮਹੇਸ਼ਵਰਧਾਮ ਦੇ ਮਹੰਤ ਧਰਮਿੰਦਰ ਗਿਰੀ ਦੇ ਮੋਬਾਈਲ ’ਤੇ ਸ਼ਨਿਚਰਵਾਰ ਸ਼ਾਮ ਨੂੰ ਦੋ ਕਾਲਾਂ ਆਈਆਂ। ਕਾਲ ਕਰਨ ਵਾਲੇ ਨੇ ਇਕ ਵਾਰ ਖ਼ੁਦ ਨੂੰ ਅਲਕਾਇਦਾ ਦਾ ਮੈਂਬਰ ਦੱਸਿਆ ਅਤੇ ਦੂਜੀ ਵਾਰ ਆਪਣੇ-ਆਪ ਨੂੰ ਆਈਐੱਸਆਈਐੱਸ ਗਰੁੱਪ ਦਾ ਮੈਂਬਰ ਦੱਸਿਆ। ਉਸ ਨੇ ਧਮਕੀ ਦਿੰਦੇ ਹੋਏ ਇਕ ਕਾਲ ’ਚ ਕਿਹਾ ਕਿ ਜਦੋਂ ਤਕ ਨੁਪੁਰ ਸ਼ਰਮਾ ਨੂੰ ਫਾਂਸੀ ਨਹੀਂ ਹੁੰਦੀ, ਉਦੋਂ ਤਕ ਕਨ੍ਹਈਆ ਲਾਲ ਦੀ ਤਰ੍ਹਾਂ ਲੋਕਾਂ ਦੀਆਂ ਹੱਤਿਆਵਾਂ ਹੁੰਦੀਆਂ ਰਹਿਣਗੀਆਂ। ਦੂਜੀ ਕਾਲ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਅਸਾਮ ਦੇ ਮੁੱਖ ਮੰਤਰੀ ਹੇਮੰਤਾ ਬਿਸਵ ਸਰਮਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ।

ਮਹੰਤ ਮੁਤਾਬਕ, ਕਾਲ ਕਰਨ ਵਾਲੇ ਨੇ ਕਿਹਾ ਕਿ ਅਸੀਂ ਇਕ ਹੋਰ ਵਿਅਕਤੀ ਨੂੰ ਫਡ਼ਿਆ ਹੋਇਆ ਹੈ। ਇਸ ਲਈ ਪੀਐੱਮ ਮੋਦੀ ਛੇਤੀ ਨੁਪੁਰ ਸ਼ਰਮਾ ਨੂੰ ਫਾਂਸੀ ਦੇਣ। ਇਸ ਤੋਂ ਬਾਅਦ ਆਈ ਦੂਜੀ ਕਾਲ ’ਚ ਕਿਹਾ ਕਿ ਜਦੋਂ ਤਕ ਨੁਪੁਰ ਨੂੰ ਫਾਂਸੀ ਨਹੀਂ ਦਿੱਤੀ ਜਾਂਦੀ ਹੈ, ਉਦੋਂ ਤਕ ਅਸੀਂ ਨਹੀਂ ਰੁਕਾਂਗੇ। ਮਹੰਤ ਧਰਮਿੰਦਰ ਗਿਰੀ ਨੇ ਥਾਣਾ ਜੈਂਤ ’ਚ ਮਾਮਲਾ ਦਰਜ ਕਰਵਾਇਆ ਹੈ। ਦਰਜ ਮਾਮਲੇ ’ਚ ਮਹੰਤ ਨੇ ਕਿਹਾ ਹੈ ਕਿ ਤਿੰਨ ਮਹੀਨਿਆਂ ਵਿਚ ਉਨ੍ਹਾਂ ਨੂੰ ਇਹ ਦੂਜੀ ਵਾਰ ਧਮਕੀ ਮਿਲੀ ਹੈ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।




