ਮਾਮਲਾ ਸੂਬੇ ਅੰਦਰ ਔਰਤਾਂ ਤੇ ਹੋ ਰਹੇ ਜ਼ੁਲਮਾਂ ਅਤੇ ਅੱਤਿਆਚਾਰਾਂ ਦਾ : 3 ਸਤੰਬਰ ਨੂੰ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਜਾਣਗੇ ਮੰਗ ਪੱਤਰ

ਸ੍ਰੀ ਮੁਕਤਸਰ ਸਾਹਿਬ (ਅਨਮੋਲ ਸਿੰਘ ਵੜਿੰਗ) : ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਨੇ ਸੂਬੇ ਅੰਦਰ ਔਰਤਾਂ ਉਪਰ ਕੀਤੇ ਜਾ ਰਹੇ ਤਸ਼ੱਦਦ ਤੇ ਜ਼ੁਲਮਾਂ ਦੇ ਖਿਲਾਫ ਆਵਾਜ਼ ਬੁਲੰਦ ਕਰਕੇ ਤੇ ਨਵੀ ਰਣਨੀਤੀ ਘੜ ਕੇ ਇਹ ਮਾਮਲਾ ਹੁਣ ਦਿੱਲੀ ਤੱਕ ਉਠਾਉਣ ਦਾ ਫੈਸਲਾ ਕੀਤਾ ਹੈ ਤਾਂ ਕਿ ਪੀੜਤ ਔਰਤਾਂ ਨੂੰ ਇਨਸਾਫ ਦਿਵਾਇਆ ਜਾ ਸਕੇ । ਉਪਰੋਤਕ ਜਾਣਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦਿੱਤੀ । ਉਨ੍ਹਾਂ ਦੱਸਿਆ ਕਿ 4 ਸਤੰਬਰ ਨੂੰ ਹਜ਼ਾਰਾਂ ਆਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਨਾਮ ਚਿੱਠੀਆਂ ਲਿਖ ਕੇ ਭੇਜੀਆਂ ਜਾਣਗੀਆਂ ਤੇ ਉਨ੍ਹਾਂ ਨੂੰ ਪੰਜਾਬ ਦੇ ਮੌਜੂਦਾ ਹਲਾਤਾਂ ਬਾਰੇ ਜਾਣੂ ਕਰਵਾਇਆ ਜਾਵੇਗਾ । ਕਿਉਂਕਿ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਖੁਦ ਇਕ ਔਰਤ ਹੈ ਤੇ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਵਿੱਚ ਸੂਬੇ ਅੰਦਰ ਔਰਤਾਂ ਨਾਲ ਕੀ ਕੁਝ ਹੋ ਰਿਹਾ ਹੈ । ਜੇਕਰ ਸੋਨੀਆ ਗਾਂਧੀ ਨੇ ਇਨਸਾਫ ਨਾ ਦੁਆਇਆ ਤਾਂ ਯੂਨੀਅਨ ਵੱਲੋਂ ਦਿੱਲੀ ਵਿਖੇ ਉਨ੍ਹਾਂ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ । ਇਸ ਤੋਂ ਇਲਾਵਾ ਯੂਨੀਅਨ ਵੱਲੋਂ ਨੈਸ਼ਨਲ ਵੈਮੈਨ ਕਮਿਸ਼ਨ ਨੂੰ ਵੀ ਚਿੱਠੀਆਂ ਭੇਜੀਆਂ ਜਾਣਗੀਆਂ । ਉਨਾਂ ਦੱਸਿਆ ਕਿ 3 ਸਤੰਬਰ ਨੂੰ ਸੂਬੇ ਭਰ ਵਿੱਚ ਡਿਪਟੀ ਕਮਿਸ਼ਨਰਾਂ ਨੂੰ ਯੂਨੀਅਨ ਦਾ 21 ਮੈਬਰੀ ਵਫ਼ਦ ਮੰਗ ਪੱਤਰ ਦੇਵੇਗਾ ਤੇ ਇਹ ਮੰਗ ਪੱਤਰ ਗ੍ਰਹਿ ਮੰਤਰੀ ਭਾਰਤ ਸਰਕਾਰ , ਮੁੱਖ ਮੰਤਰੀ ਪੰਜਾਬ , ਡੀਜੀਪੀ ਪੰਜਾਬ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਦੇ ਨਾਮ ਦਿੱਤੇ ਜਾਣਗੇ । ਸੂਬਾ ਪ੍ਰਧਾਨ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਇਸ ਸਮੇਂ ਜੰਗਲ ਦਾ ਰਾਜ ਹੈ ਤੇ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ । ਸਿਆਸੀ ਸ਼ਹਿ ਤੇ ਪੁਲਸ ਸ਼ਰੇਆਮ ਧੱਕੇਸ਼ਾਹੀ ਤੇ ਗੁੰਡਾਗਰਦੀ ਕਰ ਰਹੀ ਹੈ । ਜਿੱਥੇ ਕਿਸੇ ਨਾਲ ਵਧੀਕੀ ਤੇ ਅੱਤਿਆਚਾਰ ਹੁੰਦਾ ਹੈ ਉੱਥੇ ਪੁਲਿਸ ਪਰਚਾ ਦਰਜ ਹੀ ਨਹੀਂ ਕਰਦੀ , ਪਰ ਜਿਥੇ ਪਰਚਾ ਬਣਦਾ ਹੀ ਨਹੀਂ ਉੱਥੇ ਸੰਗੀਨ ਧਾਰਾਵਾਂ ਲਗਾਕੇ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ । ਔਰਤਾਂ ਇਸ ਸਮੇਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀਆਂ। ਸੂਬਾ ਪ੍ਰਧਾਨ ਦਾ ਕਹਿਣਾ ਹੈ ਕਿ ਪੰਜਾਬ ਦੀਆਂ ਔਰਤਾਂ ਖੁਦ ਤਾਂ ਸੁਰੱਖਿਅਤ ਨਹੀਂ ਹਨ , ਪਰ ਅਰੂਸਾ ਵਰਗੀਆਂ ਬਗਾਨੇ ਦੇਸ਼ ਦੀਆਂ ਔਰਤਾਂ ਨੂੰ ਪੰਜਾਬ ਸਰਕਾਰ ਆਪਣੀ ਮਹਿਮਾਨ ਬਣਾਈ ਬੈਠੀ ਹੈ । ਯੂਨੀਅਨ ਨੇ ਚਿਤਾਵਨੀ ਦਿੱਤੀ ਹੈ ਕਿ ਜਦ ਤਕ ਸੂਬੇ ਦੀਆਂ ਔਰਤਾਂ ਨੂੰ ਇਨਸਾਫ ਨਹੀਂ ਮਿਲਦਾ ਕਿ ਉਨ੍ਹਾਂ ਦੀ ਹੋ ਰਹੀ ਖੱਜਲ-ਖੁਆਰੀ ਬੰਦ ਨਹੀਂ ਹੁੰਦੀ , ਉਦੋਂ ਤਕ ਸੰਘਰਸ਼ ਜਾਰੀ ਰੱਖਿਆ ਜਾਵੇਗਾ ।





