
ਖੰਨਾ, 10 ਫ਼ਰਵਰੀ (ਪਰਮਜੀਤ ਸਿੰਘ ਧੀਮਾਨ) -ਅੱਜ ਸਥਾਨਕ ਗੁਰਦੁਆਰਾ ਕਲਗੀਧਰ ਸਾਹਿਬ ਦੇ ਨਜਦੀਕ ਸਾਬਕਾ ਸੈਨਿਕਾਂ ਦੀ ਮਾਸਿਕ ਇੱਕਤਰਤਾ ਕੈਪਟਨ ਨੰਦ ਲਾਲ ਮਾਜਰੀ ਦੀ ਪ੍ਰਧਾਨਗੀ ਹੇਠਾਂ ਹੋਈ, ਜਿਸ ਵਿਚ ਵੀਰ ਨਾਰੀਆਂ ਨੇ ਵੀ ਹਿੱਸਾ ਲਿਆ। ਇਸ ਮੌਕੇ ਬੋਲਦਿਆਂ ਕੈਪਟਨ ਨੰਦ ਲਾਲ ਮਾਜਰੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਸਾਬਕਾ ਸੈਨਿਕਾਂ ਨਾਲ ਵੱਡੀ ਨਾਇਨਸਾਫ਼ੀ ਕੀਤੀ ਹੈ, ਇਕ ਰੈਂਕ ਇਕ ਪੈਨਸ਼ਨ ਦਾ ਮਸਲਾ ਅਜੇ ਤੱਕ ਸੁਪਰੀਮ ਕੋਰਟ ਵਿਚ ਲਟਕ ਰਿਹਾ ਹੈ, ਜਦੋਂ ਕਿ ਚੋਣਾਂ ਸਮੇਂ ਇਸ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਨ ਦਾ ਵਾਅਦਾ ਕੀਤਾ ਗਿਆ ਸੀ। ਇਸ ਮੌਕੇ ਸਾਬਕਾ ਸੈਨਿਕਾਂ ਨੇ ਫੈਸਲਾ ਕੀਤਾ ਕਿ ਇਸ ਵਾਰ ਆਪਣੀ ਵੋਟ ਉਸ ਉਮੀਦਵਾਰ ਨੂੰ ਪਾਉਣੀ ਹੈ ਜੋ ਸੈਨਿਕਾਂ ਦੀਆਂ ਸਮੱਸਿਆਵਾਂ ਵੱਲ ਪਹਿਲ ਦੇ ਅਧਾਰ ਤੇ ਹੱਲ ਕਰੇ ਨਾ ਕਿ ਝੂਠੇ ਵਾਅਦੇ। ਸੂਬੇਦਾਰ ਮੇਜਰ ਸਿੰਘ ਨੇ ਕਿਹਾ ਕਿ ਇਕ ਸੈਨਿਕ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਦਿਨ ਰਾਤ ਬਾਰਡਰਾਂ ਤੇ ਤਿਆਰ ਖੜ੍ਹਾ ਰਹਿੰਦਾ ਹੈ, ਪ੍ਰਤੂੰ ਸਮੇਂ ਦੀਆਂ ਸਰਕਾਰ ਇਨ੍ਹਾਂ ਨਾਲ ਝੂਠੇ ਵਾਅਦੇ ਕਰਕੇ ਮਜ਼ਾਕ ਕਰਦੀਆਂ ਹਨ। ਇਸ ਮੌਕੇ ਸੂਬੇਦਾਰ ਰੱਬੀਂ ਸਿੰਘ, ਕਰਨੈਲ ਸਿੰਘ, ਨਛੱਤਰ ਸਿੰਘ, ਸਤਿੰਦਰਪਾਲ ਸਿੰਘ, ਹਰੀ ਸਿੰਘ, ਬੰਤ ਸਿੰਘ, ਪਰਮਿੰਦਰ ਸਿੰਘ, ਗੁਰਬਖਸ਼ ਸਿੰਘ, ਗੁਰਮੇਲ ਸਿੰਘ, ਸ਼ਸ਼ੀ ਬਾਲਾ ਆਦਿ ਹਾਜ਼ਰ ਸਨ।





