
ਬਰਨਾਲਾ 26/-ਅਗਸਤ /-ਕਰਨਪ੍ਰੀਤ ਧੰਦਰਾਲ /-ਬਰਨਾਲਾ ਸ਼ਹਿਰ ਵਿਚ ਪੁਰਾਣੇ ਬੱਸ ਸਟੈਂਡ ਕੋਲ ਨਵੇਂ ਖਰੀਦਦਾਰਾਂ ਵੱਲੋਂ ਸਰਕਾਰੀ ਮਾਲ ਮਿੱਟੀ ਦੀ ਚੋਰੀ ਕਰਨ ਦਾ ਮਾਮਲਾ ਸ਼ਹਿਰ ਵਿੱਚ ਚਰਚਾ ਦਾ ਚਿਸ਼ਾ ਬਣਿਆ ਹੋਇਆ ਹੈ ਜਿਸ ਨੂੰ ਲੈ ਕੇ ਪਰਚਾ ਦਰਜ ਹੋ ਸਕਦਾ ਹੈ ਕੁਝ ਲੀਡਰਾਂ ਤੇ ਅਫਸਰਾਂ ਦਾ ਇਸ ਮਾਮਲੇ ਨੂੰ ਦਬਾਉਣ ਵਿੱਚ ਪੂਰਾ ਜ਼ੋਰ ਲੱਗਿਆ ਹੋਇਆ ਹੈ। ਲੇਕਿਨ ਮੀਡੀਆ ਵਿੱਚ ਮਾਮਲਾ ਆਉਣ ਤੋਂ ਬਾਅਦ ਹੁਣ ਕਾਰਵਾਈ ਆਰੰਭ ਦਿੱਤੀ ਗਈ ਹੈ। ਜ਼ਿਕ੍ਰਜੋਗ ਹੈ ਕਿ ਸ਼ਹਿਰ ਦੇ ਪੱਕਾ ਕਾਲਜ ਰੋਡ ਤੇ ਪੁਰਾਣੇ ਬੱਸ ਸਟੈਂਡ ਦੇ ਸਾਹਮਣੇ ਦਰਬਾਰੀ ਲਾਲ ਟੰਡਨ ਦੀ ਕੋਠੀ ਦੇ ਨਾਂਅ ਨਾਲ ਮਸ਼ਹੂਰ ਜਗ੍ਹਾ ਉੱਤੇ ਇਕ ਵੱਡੀ ਮਾਰਕੀਟ ਬਣ ਰਹੀ ਹੈ। ਜਿਸ ਦੀ ਬੇਸਮੈਂਟ ਅਤੇ ਉੱਪਰੋਂ ਵੀ ਬਹੁਮੰਜ਼ਿਲਾ ਹੋਵੇਗੀ। ਸਾਰੇ ਨਿਯਮਾਂ ਅਤੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਧਨਾਢ ਮਾਲਕਾਂ ਵੱਲੋਂ ਕਈ ਫੁੱਟ ਡੂੰਘੀ ਮਿੱਟੀ ਪੁੱਟ ਕੇ ਗੈਰਕਾਨੂੰਨੀ ਤੌਰ ਤੇ ਬੇਸਮੈਂਟ ਬਣਾਇਆ ਗਿਆ। ਸਾਰੀ ਮਿੱਟੀ ਨੂੰ ਟਰਾਲੀਆਂ ਰਾਹੀਂ ਭਰ ਕੇ ਖੁਰਦ ਬੁਰਦ ਕੀਤਾ ਗਿਆ। ਨਿਯਮਾਂ ਦੇ ਅਨੁਸਾਰ ਮਾਈਨਿੰਗ ਵਿਭਾਗ ਦੀ ਲਿਖਤ ਮਨਜ਼ੂਰੀ ਤੋਂ ਬਿਨਾਂ ਮਿੱਟੀ ਨੂੰ ਪੁਟਿਆ ਨਹੀਂ ਜਾ ਸਕਦਾ ਅਤੇ ਇਸ ਨੂੰ ਵੇਚਣ ਵਾਸਤੇ ਇੱਕ ਵੱਖਰੀ ਪਰਮੀਸ਼ਨ ਲੈਣੀ ਪੈਂਦੀ ਹੈ। ਲੇਕਿਨ ਸਫੈਦਪੋਸ਼ ਧਨਾਢਾਂ ਦੀ ਇਹ ਚੋਰੀ ਵਾਲੀ ਕਾਲੀ ਕਰਤੂਤ ਕੈਮਰੇ ਵਿੱਚ ਕੈਦ ਹੋਣ ਤੋਂ ਬਾਅਦ ਪ੍ਰਸ਼ਾਸਨ ਇਕਦਮ ਹਰਕਤ ਵਿੱਚ ਆਇਆ। ਮਾਈਨਿੰਗ ਵਿਭਾਗ ਵੱਲੋਂ ਇਸ ਕੰਮ ਨੂੰ ਤੁਰੰਤ ਰੁਕਵਾ ਦਿੱਤਾ ਗਿਆ। ਮਾਈਨਿੰਗ ਵਿਭਾਗ ਦੇ ਐੱਸਡੀਓ ਬਲਜੀਤ ਸਿੰਘ ਨੇ ਕਿਹਾ ਕਿ ਮਾਲਕਾਂ ਵੱਲੋਂ ਕਰੀਬ ਇੱਕ ਲੱਖ ਰੁਪਏ ਦੀ ਕੀਮਤ ਦੀ ਮਿੱਟੀ ਖੁਰਦ ਬੁਰਦ ਕੀਤੀ ਜਾ ਚੁੱਕੀ ਹੈ।
ਮਿੱਟੀ ਗਾਇਬ ਕਰਨ ਲਈ ਬਾਹਰ ਜਾਂਦੀ ਅਤੇ ਮਿੱਟੀ ਲੈਣ ਅੰਦਰ ਜਾਂਦੀ ਟਰਾਲੀ
ਇਹ ਪਤਾ ਲੱਗਿਆ ਹੈ ਕਿ ਇਹ ਜਗ੍ਹਾ ਚੰਡੀਗੜ੍ਹ ਰਹਿੰਦੇ ਕਿਸੇ ਬਾਂਸਲ ਅਤੇ ਬਰਨਾਲੇ ਦੇ ਕਿਸੇ ਪਾਈਪਾਂ ਵਾਲੇ ਪਰਿਵਾਰਾਂ ਦੀ ਦੱਸੀ ਜਾ ਰਹੀ ਹੈ। ਇਹ ਮਾਈਨਿੰਗ ਵਿਭਾਗ ਵੱਲੋਂ ਤਹਿਸੀਲਦਾਰ ਨੂੰ ਲੈਟਰ ਕੱਢ ਦਿੱਤਾ ਗਿਆ ਹੈ। ਜਿਸ ਤੋਂ ਇਸ ਜਗ੍ਹਾ ਦੇ ਮਾਲਕਾਂ ਦਾ ਪਤਾ ਲੱਗ ਸਕੇ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਜੁਰਮਾਨਾ ਹੋਵੇਗਾ ਅਤੇ ਪਰਚਾ ਦਰਜ ਕੀਤਾ ਜਾਵੇਗਾ। ਫਿਲਹਾਲ ਕੰਮ ਬੰਦ ਕਰਵਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਕੰਪਲੈਕਸ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਰਜਿਸਟਰੀਆਂ ਕਰਵਾਉਣ ਅਤੇ ਨਕਸ਼ਾ ਪਾਸ ਕਰਵਾਉਣ ਵਿਚ ਕਈ ਤਰ੍ਹਾਂ ਦੀਆਂ ਊਣਤਾਈਆਂ ਹਨ। ਜਿਸ ਨੂੰ ਆਉਣ ਵਾਲੇ ਸਮੇਂ ਵਿੱਚ ਨਸ਼ਰ ਕੀਤਾ ਜਾਵੇਗਾ ।




