ਲੋਕਾਂ ਨੇ ਦਿੱਤਾ ਧਰਨਾ : ਪਿੰਡ ਥਾਂਦੇਵਾਲਾ ਵਿੱਚ ਚੋਰੀਆਂ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਪਿੰਡ ਥਾਂਦੇਵਾਲੇ ਦੇ ਆਂਗਨਵਾੜੀ ਸੈੰਟਰ ਤੇ ਸਕੂਲ ‘ਚ ਦੁਬਾਰਾ ਚੋਰੀ ਹੋਣ ਕਰਕੇ, ਲੋਕਾਂ ਨੇ ਦਿੱਤਾ ਧਰਨਾ ਪਿੰਡ ਥਾਂਦੇਵਾਲਾ ਵਿੱਚ ਚੋਰੀਆਂ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਜਿਸ ਕਾਰਣ ਲੋਕਾਂ ਵੱਲੋੰ ਜਬਰਦਸਤ ਰੋਸ ਮੁਜਾਹਰਾ ਕੀਤਾ ਗਿਆ ਤੇ ਮੌਕੇ ‘ਤੇ ਪੁਲਿਸ ਦੇ ਮੁੱਖ ਅਫ਼ਸਰਾਂ ਨੂੰ ਆਉਣਾ ਪਿਆ। ਆਂਗਨਵਾੜੀ ਸੈੰਟਰ ਦੀ ਇੰਚਾਰਜ ਸਤਵਿੰਦਰ ਕੌਰ ਤੇ ਸਕੂਲ ਦੇ ਮੁੱਖ ਅਧਿਆਪਕ ਨਵਦੀਪ ਸਿੰਘ ਸੁੱਖੀ ਨੇ ਦੱਸਿਆ ਕਿ ਪਿੰਡ ਦੇ ਵਿੱਚ ਛੇ ਮਹੀਨਿਆਂ ਤੋਂ 7-8 ਚੋਰੀਆਂ ਹੋ ਗਈਆਂ ਹਨ। ਖਾਸ ਤੌਰ ਤੇ ਸਰਕਾਰੀ ਸੰਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਨਵਦੀਪ ਸੁੱਖੀ ਨੇ ਕਿਹਾ ਕਿ ਚੋਰਾਂ ਨੇ ਦੋ ਕੁ ਮਹੀਨੇ ਪਹਿਲਾਂ ਜਿੱਥੇ ਸਿਲੰਡਰ, ਭੱਠੀ ਤੇ ਕਣਕ ਚੌਲ ਤੇ ਹੋਰ ਜਰੂਰੀ ਸਮਾਨ ਚੋਰੀ ਕੀਤਾ ਸੀ ,ਇਸਦੇ ਨਾਲ ਇਕ ਹਫ਼ਤਾ ਪਹਿਲਾਂ ਵੀ ਲਗਭਗ 25-30 ਹਜਾਰ ਦਾ ਸਮਾਨ ਚੋਰੀ ਕੀਤਾ ਸੀ। ਪੁਲਿਸ ਵੱਲੋੰ ਕੋਈ ਕਾਰਵਾਈ ਹੁੰਦੀ ਨਾ ਦੇਖ ਚੋਰਾਂ ਨੇ ਬੁਲੰਦ ਹੌੰਸਲੇ ਦਿਖਾਉੰਦਿਆਂ ਬੀਤੀ ਰਾਤ ਆਂਗਨਵਾੜੀ ਸੈੰਟਰ ਤੇ ਇਸੇ ਹੀ ਪ੍ਰਾਇਮਰੀ ਸਕੂਲ ਨੂੰ ਫਿਰ ਨਿਸ਼ਾਨਾ ਬਣਾਇਆ। ਆੰਗਨਵਾੜੀ ਵਰਕਰਾਂ ਸਤਵਿੰਦਰ ਸਿੰਘ ਤੇ ਹੋਰਾਂ ਨੇ ਦੱਸਿਆ ਕਿ ਸੈੰਟਰ ਵਿੱਚੋੰ 60 ਕਿਲੋ ਸੁੱਕਾ ਦੁੱਧ, ਤਿੰਨ ਸਿਲੰਡਰ,ਇੱਕ ਚੁੱਲਾ ਤੇ ਰਿਕਾਰਡ ਵਗੈਰਾ ਲੈ ਗਏ ਜਿਸਦੀ ਕੀਮਤ 30 ਹਜਾਰ ਦੇ ਕਰੀਬ ਬਣਦੀ ਹੈ। ਸਕੂਲ ਮੁਖੀ ਅਨੁਸਾਰ ਇਸ ਵਾਰ ਪਾਣੀ ਦੀ ਮੋਟਰ, ਸਟੀਲ ਦਾ ਡਸਟਬਿਨ, ਡੀ ਵੀ ਆਰ, ਕਿਸੇ ਕੋਲੋੰ ਮੰਗ ਕੇ ਲਿਆੰਦੀ ਡਰਿੱਲ ਮਸ਼ੀਨ ਲੈ ਗਏ ਤੇ ਰਿਕਾਰਡ ਵਗੈਰਾ ਪਾੜ ਗਏ ਤੇ ਅਲਮਾਰੀਆਂ ਖੋਲਕੇ ਰਜਿਸਟਰ ਖਿਲਾਰ ਗਏ।ਚੋਰਾਂ ਨੇ ਕਿਸੇ ਦਾ ਨਾਮ ਤੇ ਨੰਬਰ ਹਰੇਕ ਬੂਹੇ ਤੇ ਲਿਖ ਦਿੱਤਾ। ਇੰਨੀਆਂ ਚੋਰੀਆਂ ਕਾਰਣ ਪਿੰਡ ਵਾਸੀਆਂ ਚ ਰੋਹ ਸੀ ਜਿਸ ਕਾਰਣ ਲੋਕ ਧਰਨਾ ਮਾਰਕੇ ਬੈਠ ਗਏ। ਜਿਸ ਕਰਕੇ ਥਾਣਾ ਮੁਖੀ ਬਿਸ਼ਨ ਲਾਲ ਜਿੰਨਾਂ ਨੇ ਹਾਲੇ ਦੋ ਦਿਨ ਪਹਿਲਾੰ ਹੀ ਜੁਆਇਨ ਕੀਤਾ ਸੀ ਨੇ ਤੁਰੰਤ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ। ਪੁਲਿਸ ਨੇ ਆੰਗਨਵਾੜੀ ਵਰਕਰ ਸਤਵਿੰਦਰ ਕੌਰ ਦੇ ਬਿਆਨਾਂ ਤੇ ਮੁਕੱਦਮਾ ਦਰਜ ਕਰ ਲਿਆ ਹੈ।






