ਪਤਨੀ ਦਾ ਇੰਤਜ਼ਾਰ ਕਰ ਰਿਹਾ ਸੀ ਨੌਜਵਾਨ

ਅੰਮਿ੍ਤਸਰ (ਬਿਊਰੋ) : ਬਾਈਕ ‘ਤੇ ਸਵਾਰ ਤਿੰਨ ਲੁਟੇਰਿਆਂ ਵੱਲੋਂ ਪਤਨੀ ਦਾ ਇੰਤਜ਼ਾਰ ਕਰ ਰਹੇ ਸਤਿੰਦਰ ਸਿੰਘ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰਨ ਦਾ ਮਾਮਲਾ ਸਹਿਮੇ ਆਇਆ ਹੈ । ਲੁਟੇਰੇ ਸਤਿੰਦਰ ਨੂੰ ਖ਼ੂਨ ਨਾਲ ਲੱਥਪੱਥ ਹੋਏ ਤੜਫਦਾ ਦੇਖ ਕੇ ਉਸ ਦੀ ਬਾਈਕ ਲੈ ਕੇ ਫ਼ਰਾਰ ਹੋ ਗਏ। ਗੋੋਲੀਆਂ ਚੱਲਣ ਦਾ ਰੌਲਾ ਪੈਂਦੇ ਦੇਖ ਕੇ ਮੌਕੇ ‘ਤੇ ਮੌਜੂਦ ਲੋਕਾਂ ਨੇ ਕਿਸੇ ਤਰ੍ਹਾਂ ਉਸ ਨੂੰ ਗੁਰੂ ਰਾਮਦਾਸ ਹਸਪਤਾਲ ਵਿਚ ਦਾਖ਼ਲ ਕਰਵਾਇਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਬ-ਇੰਸਪੈਕਟਰ ਹਿਮਾਂਸ਼ੂ ਭਗਤ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ। ਅਣਪਛਾਤੇ ਲੁਟੇਰਿਆਂ ਵਿਰੁੱਧ ਕੇਸ ਕਰ ਲਿਆ ਗਿਆ ਹੈ। ਜੋੜਾ ਫਾਟਕ ਸਥਿਤ ਜੱਜ ਨਗਰ ਦੀ ਗਲੀ ਨੰਬਰ 3 ਦੇ ਵਾਸੀ ਸਤਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਹਰ ਰੋਜ਼ 8.45 ਵਜੇ ਉਹ ਆਪਣੀ ਪਤਨੀ ਨੂੰ ਲੈਣ ਜਾਂਦੇ ਹਨ। ਜਦੋ ਉਹ ਬਾਈਕ ‘ਤੇ ਪਤਨੀ ਦੀ ਏਜੰਸੀ ਦੇ ਕੋਲ ਰੁਕ ਕੇ ਇੰਤਜ਼ਾਰ ਕਰ ਰਹੇ ਸਨ। ਇਸ ਦੌਰਾਨ ਬਾਈਕ ‘ਤੇ ਸਵਾਰ ਤਿੰਨ ਲੁਟੇਰੇ ਆਏ ਤੇ ਇਕ ਅਨਸਰ ਨੇ ਉਸ ਦੇ ਕੋਲ ਆ ਕੇ ਬਾਈਕ ਖੋਹਣ ਦਾ ਯਤਨ ਕੀਤਾ। ਜਦ ਉਸ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਦੇ ਸਾਥੀ ਨੇ ਪਿਸਤੌਲ ਕੱਢ ਕੇ ਤਾਣਦਿਆਂ ਗੋਲੀ ਚਲਾ ਕੇ ਜ਼ਖ਼ਮੀ ਕਰ ਦਿੱਤਾ। ਉਹ ਖ਼ੂਨ ਨਾਲ ਲੱਥਪੱਥ ਹੋ ਕੇ ਸੜਕ ‘ਤੇ ਡਿੱਗ ਗਏ ਤੇ ਲੁਟੇਰੇ ਬਾਈਕ ਖੋਹ ਕੇ ਫ਼ਰਾਰ ਹੋ ਗਏ।



