ਮ੍ਰਿਤਕ ਦਾ ਵਿਆਹ ਕਰੀਬ 10 ਸਾਲ ਪਹਿਲਾਂ ਹੋਇਆ ਸੀ ਤੇ ਸ਼ਾਦੀ ਤੋਂ ਇਹਨਾਂ ਦਾ ਇੱਕ 8 ਸਾਲ ਦਾ ਬੱਚਾ ਵੀ ਹੈ

ਨਾਭਾ (ਸੁਖਚੈਨ ਲੁਬਾਣਾ) : ਪਤੀ-ਪਤਨੀ ਦਾ ਰਿਸ਼ਤਾ ਸਭ ਤੋਂ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ, ਕਿਉਂਕਿ ਵਿਆਹ ਦੇ ਸੱਤ ਫੇਰਿਆਂ ਦੇ ਵਿੱਚ ਸੱਤ ਜਨਮਾਂ ਦੀਆਂ ਕਸਮਾਂ ਖਾਈਆਂ ਜਾਂਦੀਆਂ ਹਨ। ਪਰ ਹੁਣ ਦੂਜੇ ਪਾਸੇ ਇਹ ਰਿਸ਼ਤੇ ਪ੍ਰੇਮ ਸੰਬੰਧਾਂ ਦੀ ਭੇਟ ਚੜ੍ਹਦਾ ਦਿਖਾਈ ਦੇ ਰਿਹਾ ਹੈ। ਜਿਸ ਦੀ ਤਾਜ਼ਾ ਮਿਸਾਲ ਵੇਖਣ ਨੂੰ ਨਾਭਾ ਦੀ ਸਬ ਤਹਿਸੀਲ ਭਾਦਸੋਂ ਵਿਖੇ ਜਿੱਥੇ ਪੁਲਿਸ ਵਲੋਂ ਬੀਤੇ ਦਿਨੀ ਇੱਕ ਅਪਾਹਜ ਵਿਅਕਤੀ ਦੇ ਗੁੰਮਸ਼ੁਦਾ ਹੋਣ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਜਿਸ ਵਿੱਚ ਉਕਤ ਵਿਅਕਤੀ ਦੀ ਪਤਨੀ ਨੇ ਇਸ਼ਕ ‘ਚ ਅੰਨੀ ਹੋ ਕੇ ਆਪਣੇ ਬਚਪਨ ਦੇ ਆਸ਼ਿਕ ਅਤੇ ਉਸ ਦੇ ਸਾਥੀਆਂ ਨਾਲ ਮਿਲ ਕੇ ਆਪਣੇ ਹੀ ਪਤੀ ਦੀ ਹੱਤਿਆ ਕਰ ਦਿੱਤੀ। ਮ੍ਰਿਤਕ ਦੇ ਪਿਤਾ ਕ੍ਰਿਸ਼ਨ ਲਾਲ ਨੇ ਭਾਦਸੋਂ ਪੁਲੀਸ ਨੂੰ ਦਰਖਾਸਤ ਦਿੱਤੀ ਕਿ ਉਸਦਾ 31 ਸਾਲਾ ਅਪਾਹਜ ਪੁੱਤਰ ਕੁਲਵਿੰਦਰ ਸਿੰਘ ਜੋ ਕਿ 25 ਮਈ 2021 ਨੂੰ ਲੁਧਿਆਣਾ ਵਿਖੇ ਪੇਪਰ ਦੇਣ ਲਈ ਕਹਿ ਕੇ ਘਰੋਂ ਚਲਾ ਗਿਆ। ਉਨਾ ਦੱਸਿਆ ਕਿ ਸ਼ਾਂਮ 7 ਵਜੇ ਦੇ ਕਰੀਬ ਕੁਲਵਿੰਦਰ ਸਿੰਘ ਨੇ ਫੋਨ ਦੁਆਰਾ ਮਾਤਾ ਨੂੰ ਦੱਸਿਆ ਕਿ ਉਹ ਆਪਣੇ ਕੁਝ ਮਿੱਤਰਾਂ ਨਾਲ ਸ਼੍ਰੀ ਅ੍ਰਮਿਤਸਰ ਸਾਹਿਬ ਵਿਖੇ ਮੱਥਾ ਟੇਕਣ ਜਾ ਰਿਹਾ ਹੈ। ਪਰ ਜਦੋਂ ਰਾਤ ਨੂੰ 10 ਵਜੇ ਤੋਂ ਬਾਅਦ ਕੁਲਵਿੰਦਰ ਸਿੰਘ ਨੂੰ ਫੋਨ ਕੀਤਾ ਤਾਂ ਉਸਦੇ ਦੋਸਤ ਨੇ ਫੋਨ ਚੁੱਕਿਆ ਅਤੇ ਕਿਹਾ ਕਿ ਕੁਲਵਿੰਦਰ ਬਾਹਰ ਸ਼ੋਪਿੰਗ ਲਈ ਗਿਆ ਹੈ ਅਤੇ ਉਸਤੋਂ ਬਾਅਦ ਫੌਨ ਬੰਦ ਕਰ ਦਿੱਤਾ।
ਲਛਮੀ ਦੇਵੀ ਦਾ ਕੁਲਵਿੰਦਰ ਸਿੰਘ ਦੇ ਨਾਲ ਵਿਆਹ ਕਰੀਬ 10 ਸਾਲ ਪਹਿਲਾ ਨਕੋਦਰ ਨੇੜਲੇ ਪਿੰਡ ਹੋਇਆ ਸੀ ਅਤੇ ਇਨਾਂ ਦਾ ਇੱਕ 8 ਸਾਲਾਂ ਦਾ ਬੱਚਾ ਵੀ ਹੈ, ਲੱਛਮੀ ਦੇਵੀ ਨੇ ਆਪਣੇ ਪਤੀ ਨੂੰ ਫੋਨ ਕਰ ਕੇ ਨਕੋਦਰ ਵਿਖੇ ਕਿਤੇ ਬੁਲਾਇਆ ਲਛਮੀ ਦੇਵੀ ਦੇ ਨਾਲ ਉਸ ਦਾ ਪ੍ਰੇਮੀ ਅਤੇ ਉਸਦੇ ਦੋਸਤ ਵੀ ਮੌਜੂਦ ਸਨ। ਜਿੱਥੇ ਇਨ੍ਹਾਂ ਦੇ ਦੁਬਾਰਾ ਕੁਲਵਿੰਦਰ ਸਿੰਘ ਨੂੰ ਕਿਸੇ ਮੋਟਰ ਤੇ ਬਿਠਾ ਕੇ ਸ਼ਰਾਬ ਪਿਲਾਈ ਗਈ ਜਿਸ ਤੋਂ ਬਾਅਦ ਵਿੱਚ ਲੱਛਮੀ ਦੇਵੀ ਦੇ ਦੁਪੱਟੇ ਨਾਲ ਗਲਾ ਘੁੱਟ ਕੇ ਕੁਲਵਿੰਦਰ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਅਤੇ ਲਾਸ਼ ਨੂੰ ਨੇੜੇ ਵਗ ਰਹੇ ਗੰਦੇ ਨਾਲੇ ਵਿੱਚ ਸੁੱਟ ਦਿੱਤਾ ਗਿਆ। ਲੱਛਮੀ ਦੇਵੀ ਆਪਣੇ ਪ੍ਰੇਮੀ ਨਾਲ ਲਾਕਡਾਊਨ ਤੋਂ ਪਹਿਲਾਂ ਮਲੇਸ਼ੀਆ ਅਤੇ ਦੁਬਈ ਵੀ ਜਾ ਕੇ ਆਈ ਹੈ। ਭਾਦਸੋਂ ਪੁਲੀਸ ਨੇ ਜਦੋਂ ਡੂੰਘਾਈ ਨਾਲ ਜਾਂਚ ਕੀਤੀ ਤਾਂ ਉਸ ਦੀ ਪਤਨੀ ਅਤੇ ਪ੍ਰੇਮੀ ਤੇ ਉਹਦੇ ਸਾਥੀਆਂ ਨੂੰ ਕਤਲ ਕੇਸ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਪੁਲਸ ਨੂੰ ਅਜੇ ਤੱਕ ਮ੍ਰਿਤਕ ਕੁਲਵਿੰਦਰ ਸਿੰਘ ਦੀ ਡੈੱਡ ਬਾਡੀ ਬਰਾਮਦ ਨਹੀਂ ਹੋਈ। ਪੁਲੀਸ ਮ੍ਰਿਤਕ ਦੇਹ ਨੂੰ ਲੱਭਣ ਲਈ ਗੰਦੇ ਨਾਲੇ ਦੀ ਚੈਕਿੰਗ ਕਰਾ ਰਿਹਾ ਹੈ, ਕਿਉਂਕਿ ਮ੍ਰਿਤਕ ਦਾ ਫੋਨ ਉਸੀ ਗੰਦੇ ਨਾਲੇ ਵਿੱਚੋਂ ਪੁਲੀਸ ਨੂੰ ਬਰਾਮਦ ਹੋਇਆ ਹੈ।
ਇਸ ਮੌਕੇ ਤੇ ਮ੍ਰਿਤਕ ਕੁਲਵਿੰਦਰ ਸਿੰਘ ਦੇ ਪਿਤਾ-ਮਾਤਾ ਨੇ ਕਿਹਾ ਕਿ ਮੇਰੀ ਨੂੰਹ ਨੇ ਮੇਰੇ ਲਡ਼ਕੇ ਦੇ ਗਲ ਵਿੱਚ ਚੁੰਨੀ ਪਾ ਕੇ ਆਪਣੇ ਆਸ਼ਕ ਅਤੇ ਉਸਦੇ ਸਾਥੀਆਂ ਨਾਲ ਮਿਲ ਕੇ ਗਲਾ ਘੋਟ ਕੇ ਮਾਰ ਦਿੱਤਾ। ਮੇਰੀ ਨੂੰਹ ਦੇ ਬਚਪਨ ਦੇ ਆਸ਼ਕ ਅਤੇ ਉਸ ਦੇ ਚਾਰ ਦੋਸਤਾਂ ਨੇ ਮੇਰੇ ਮੁੰਡੇ ਨੂੰ ਦਾਰੂ ਪਿਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਉਸ ਤੋਂ ਬਾਅਦ ਗੰਦੇ ਨਾਲੇ ਵਿੱਚ ਲਾਸ਼ ਨੂੰ ਸੁੱਟ ਦਿੱਤਾ। ਮੇਰੀ ਨੂੰਹ ਨੇ ਇਹ ਸਾਰੀ ਵਾਰਦਾਤ ਵਾਲੀ ਗੱਲ ਨੂੰ ਕਬੂਲ ਵੀ ਕੀਤਾ ਹੈ। ਉਸ ਨੂੰ ਬਣਦੀ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ।
ਇਸ ਮੌਕੇ ਜਦੋਂ ਨਾਭਾ ਦੇ ਡੀ.ਐੱਸ.ਪੀ ਰਾਜੇਸ਼ ਛਿੱਬਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਭਾਦਸੋਂ ਥਾਣੇ ਵਿਚ ਕੁਲਵਿੰਦਰ ਸਿੰਘ ਦੀ 25 ਮਈ ਨੂੰ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕੀਤੀ ਗਈ ਸੀ। ਜਦੋਂ ਭਾਦਸੋਂ ਪੁਲਸ ਵੱਲੋਂ ਗੁੰਮ ਹੋਏ ਕੁਲਵਿੰਦਰ ਸਿੰਘ ਦੀ ਭਾਲ ਸ਼ੁਰੂ ਕੀਤੀ ਗਈ ਤਾਂ ਇਹ ਮਾਮਲਾ ਕਤਲ ਦਾ ਬਣ ਗਿਆ ਅਤੇ ਮ੍ਰਿਤਕ ਦੀ ਪਤਨੀ ਨੇ ਆਪਣੇ ਆਸ਼ਕ ਅਤੇ ਉਸਦੇ ਦੋਸਤਾਂ ਨਾਲ ਮਿਲ ਕੇ ਪਤੀ ਦੀ ਹੱਤਿਆ ਕਰ ਦਿੱਤੀ। ਹੁਣ ਭਾਦਸੋਂ ਪੁਲੀਸ ਨੇ ਗੁੰਮਸ਼ੁਦਗੀ ਦੀ ਰਿਪੋਰਟ ਵਿੱਚ ਵਾਧਾ ਕਰ ਕਤਲ ਕੇਸ ਦੇ ਵਿੱਚ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਤਿੰਨ ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਇਕ ਦੋਸ਼ੀ ਅਜੇ ਗ੍ਰਿਫਤ ਤੋਂ ਬਾਹਰ ਹੈ ਜਿਸਦੀ ਜਲਦ ਹੀ ਗ੍ਰਿਫ਼ਤਾਰੀ ਕਰ ਦਿੱਤੀ ਜਾਵੇਗੀ।






