
ਵਾਸ਼ਿੰਗਟਨ : ਭਾਰਤ ਦਾ 74ਵਾਂ ਆਜ਼ਾਦੀ ਦਿਹਾੜਾ ਸ਼ਨਿਚਰਵਾਰ ਨੂੰ ਦੁਨੀਆ ਭਰ ‘ਚ ਅਲੱਗ-ਅਲੱਗ ਅੰਦਾਜ਼ ‘ਚ ਮਨਾਇਆ ਗਿਆ। ਨਿਊਯਾਰਕ ਦੇ ਟਾਈਮਜ਼ ਸਕਵਾਇਰ ‘ਤੇ ਪਹਿਲੀ ਵਾਰ ਤਿਰੰਗਾ ਲਹਿਰਾਇਆ। ਇਹ ਪਹਿਲਾ ਮੌਕਾ ਰਿਹਾ ਜਦੋਂ ਅਮਰੀਕਾ ਦੇ ਇਸ ਇਤਿਹਾਸਕ ਸਥਾਨ ‘ਤੇ ਭਾਰਤੀ ਤਿਰੰਗਾ ਲਹਿਰਾਇਆ ਗਿਆ। ਨਿਊਯਾਰਕ ‘ਚ ਭਾਰਤ ਦੇ ਕੌਂਸਲੇਟ ਜਨਰਲ ਰਣਧੀਰ ਜਾਇਸਵਾਲ ਨੇ ਟਾਈਮਜ਼ ਸਕਵਾਇਰ ‘ਤੇ ਝੰਡਾ ਲਹਿਰਾਇਆ।ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ (FIA) ਨੇ ਇਹ ਪ੍ਰੋਗਰਾਮ ਕਰਵਾਇਆ। ਇਸ ਦੌਰਾਨ ਡਿਪਟੀ ਕੌਂਸਲੇਟ ਜਨਰਲ ਸ਼ਤਰੂਘਨ ਸਿਨ੍ਹਾ, FAI ਦੇ ਪ੍ਰਧਾਨ ਅੰਕੁਰ ਵੈਧ, FAI ਦੇ ਮੈਂਬਰ ਤੇ ਵੱਕਾਰੀ ਅਮਰੀਕੀ ਫਿਜ਼ੀਸ਼ੀਅਨ ਸੁਧੀਰ ਪਾਰੇਖ, ਸਨਅਤਕਾਰ ਐੱਚਆਰ ਸ਼ਾਹ, FAI ਦੇ ਸਾਬਕਾ ਪ੍ਰਧਾਨ ਆਲੋਕ ਕੁਮਾਰ ਸਿੰਘ ਸਮੇਤ ਸੰਗਠਨ ਦੇ ਅਹੁਦੇਦਾਰ ਤੇ ਭਾਰਤੀ ਭਾਈਚਾਰੇ ਦੇ ਲੋਕ ਮੌਜੂਦ ਸਨ। ਜਾਇਸਵਾਲ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਲਈ ਅੱਗੇ ਦਾ ਰਾਹ ਤੇ ਨਵੇਂ ਭਾਰਤ ਦੇ ਨਿਰਮਾਣ ਦਾ ਖਾਕਾ ਤਿਆਰ ਕੀਤਾ ਹੈ ਤੇ ਅਸੀਂ ਉਸੇ ਦੇ ਅਨੁਰੂਪ ਦੇਸ਼ ਨੂੰ ਅੱਗੇ ਲੈ ਜਾਣ ਦਾ ਯਤਨ ਕਰ ਰਹੇ ਹਾਂ। ਨਿਊਜ਼ੀਲੈਂਡ, ਆਸਟ੍ਰੇਲੀਆ, ਸਿੰਗਾਪੁਰ, ਇੰਡੋਨੇਸ਼ੀਆ, ਚੀਨ, ਬੰਗਲਾਦੇਸ਼, ਪਾਕਿਸਤਾਨ, ਨੇਪਾਲ, ਸ੍ਰੀਲੰਕਾ, ਇਜ਼ਰਾਈਲ, ਯੂਏਈ ਸਮੇਤ ਬਾਕੀ ਦੇਸ਼ਾਂ ‘ਚ ਵੀ ਆਜ਼ਾਦੀ ਦਿਵਸ ਦੇ ਮੌਕੇ ‘ਤੇ ਭਾਰਤੀ ਮਿਸ਼ਨਾਂ ‘ਚ ਪ੍ਰੋਗਰਾਮ ਕਰਵਾਏ ਗਏ। ਉੱਥੇ ਰਹਿ ਰਹੇ ਭਾਰਤੀਆਂ ਨੇ ਤਿਰੰਗੇ ਤੇ ਰਾਸ਼ਟਰਗਾਣ ਦੇ ਨਾਲ ਆਜ਼ਾਦੀ ਦਿਹਾੜਾ ਮਨਾਇਆ।ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਭਾਰਤ ਸਰਕਾਰ ਨੂੰ 74ਵੇਂ ਆਜ਼ਾਦੀ ਦਿਹਾੜੇ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਯੂਏਈ ‘ਚ ਬੁਰਜ਼ ਖਲੀਫ਼ਾ ਇਮਾਰਤ ਵੀ ਇਸ ਮੌਕੇ ਤਿਰੰਗੇ ਦੇ ਰੂਪ ‘ਚ ਰੰਗੀ ਨਜ਼ਰ ਆਈ।





