60 ਸਾਲ ਤੋਂ ਵੱਧ ਉਮਰ ਅਤੇ 45-59 ਸਾਲ ਵਾਲੇ ਗੰਭੀਰ ਰੋਗਾਂ ਨਾਲ ਪੀੜਤ ਆਪਣੇ ਨੇੜਲੇ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਤੋਂ ਕਰਵਾ ਸਕਦੇ ਹਨ ਟੀਕਾਕਰਨ – ਡਿਪਟੀ ਕਮਿਸ਼ਨਰ ਪ੍ਰਾਈਵੇਟ ਹਸਪਤਾਲਾਂ ਵਿੱਚ ਟੀਕਾਕਰਨ ਕਰਵਾਉਣ ‘ਤੇ 250 ਰੁਪਏ ਵਿੱਚ ਹੋਵੇਗਾ ਜਦਕਿ ਇਹ ਸਰਕਾਰੀ ਹਸਪਤਾਲਾਂ ਵਿੱਚ ਮੁਫਤ
ਵੈਕਸੀਨੇਸ਼ਨ ਤੱਕ ਮਾਸਕ ਲਗਾਉਣਾ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣਾ ਜਰੂਰੀ ਬਣਾਇਆ ਜਾਵੇ

ਮੋਗਾ (ਹਰਪਾਲ ਸਹਾਰਨ) : ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾ ਤੋਂ ਬਚਾਅ ਲਈ ਟੀਕਾਕਰਨ ਦਾ ਤੀਜਾ ਦੌਰ ਸ਼ੁਰੂ ਹੋ ਗਿਆ ਹੈ, ਜਿਸ ਵਿਚ ਸਾਰੇ ਸੀਨੀਅਰ ਸਿਟੀਜਨ ਅਤੇ 45-59 ਸਾਲ ਵਾਲੇ ਗੰਭੀਰ ਰੋਗਾਂ ਨਾਲ ਪੀੜਤ ਟੀਕਾਕਰਨ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਉਮਰ ਹੱਦ 1 ਜਨਵਰੀ, 2022 ਨੂੰ ਆਧਾਰ ਮਨੀ ਜਾਏਗੀ।
ਉਹਨਾਂ ਦੱਸਿਆ ਕਿ 45 ਤੋਂ 59 ਸਾਲ ਦੇ ਉਹਨਾਂ ਵਿਅਕਤੀਆਂ ਨੂੰ ਵੀ ਟੀਕਾ ਲਗਾਇਆ ਜਾਵੇਗਾ ਜੋ ਸਰਕਾਰ ਦੁਆਰਾ ਨਿਰਧਾਰਤ ਸਹਿ-ਰੋਗਾਂ ਨਾਲ ਪੀੜਤ ਹਨ। ਉਨ੍ਹਾਂ ਦੱਸਿਆ ਕਿ ਸਹਿ-ਰੋਗ ਬਾਰੇ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਤੋਂ ਪ੍ਰਮਾਣੀਕਰਣ ਲਾਜ਼ਮੀ ਹੈ।
ਉਨ੍ਹਾਂ ਕਿਹਾ ਕਿ ਟੀਕਾਕਰਣ ਲਈ ਪ੍ਰੀ ਰਜਿਸਟ੍ਰੇਸ਼ਨ ਲਾਜ਼ਮੀ ਨਹੀਂ ਹੈ ਕਿਉਂਕਿ ਇਹ ਸਿਰਫ ਹੈਲਥ ਕੇਅਰ ਵਰਕਰਾਂ (ਐਚ.ਸੀ.ਡਬਲਯੂ) ਅਤੇ ਫਰੰਟਲਾਈਨ ਵਰਕਰਾਂ (ਐੱਫ.ਐੱਲ.ਡਬਲਯੂ) ਦੇ ਮਾਮਲੇ ਵਿਚ ਪਿਛਲੇ ਗੇੜ ਦੌਰਾਨ ਲਾਜ਼ਮੀ ਸੀ।
ਉਨ੍ਹਾਂ ਕਿਹਾ ਕਿ ਟੀਕਾਕਰਣ ਦੇ ਚਾਹਵਾਨ ਕੋਵਿਡ 2.0 ਪੋਰਟਲ ‘ਤੇ ਪਹਿਲਾਂ ਰਜਿਸਟਰ ਹੋ ਸਕਦਾ ਹੈ ਜਾਂ ਟੀਕਾਕਰਨ ਵਾਲੇ ਦਿਨ ਮੌਕੇ ‘ਤੇ ਰਜਿਸਟਰ ਹੋਣ ਉਪਰੰਤ ਟੀਕਾ ਲਗਵਾ ਸਕਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ‘ਹਾਲਾਂਕਿ, ਇਹ ਸਲਾਹ ਦਿੱਤੀ ਜਾਂਦੀ ਹੈ ਕਿ ਸੀਨੀਅਰ ਸਿਟੀਜ਼ਨ ਟੀਕਾਕਰਨ ਲਈ ਸਿਹਤ ਸਹੂਲਤ ਵਿਚ ਇੰਤਜ਼ਾਰ ਕਰਨ ਤੋਂ ਬਚਾਅ ਲਈ ਪਹਿਲਾਂ ਰਜਿਸਟਰ ਕਰਵਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਇਹ ਟੀਕਾ ਸਾਰੇ ਸਰਕਾਰੀ ਹਸਪਤਾਲਾਂ ਵਿਚ ਮੁਫਤ ਲਗਾਇਆ ਜਾਵੇਗਾ ਜਦੋਂਕਿ ਨਿੱਜੀ ਹਸਪਤਾਲ ਪ੍ਰਤੀ ਖੁਰਾਕ 250 ਰੁਪਏ (150 ਰੁਪਏ ਟੀਕੇ ਦੀ ਕੀਮਤ ਅਤੇ ਸੇਵਾ ਪ੍ਰਬੰਧਨ ਖਰਚੇ ਵਜੋਂ 100 ਰੁਪਏ ਤੱਕ ਵਾਧੂ ਚਾਰਜ ਕਰ ਸਕਦੇ ਹਨ)। ਇਹ ਟੀਕਾਕਰਨ ਜ਼ਿਲ੍ਹਾ ਮੋਗਾ ਦੇ ਸਾਰੇ ਸਰਕਾਰੀ ਹਸਪਤਾਲਾਂ ਅਤੇ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਆਉਂਦੇ ਹਸਪਤਾਲਾਂ ਵਿੱਚ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਮਹਾਂਮਾਰੀ ਨਾਲ ਨਜਿੱਠਣ ਲਈ ਕੋਵੀਡ -19 ਟੀਕਾਕਰਨ ਇਕੋ ਇਕ ਰਸਤਾ ਹੈ, ਇਸ ਲਈ ਯੋਗ ਲਾਭਪਾਤਰੀਆਂ ਨੂੰ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਇਸ ਦੌਰਾਨ, ਸਿਹਤ ਸੰਭਾਲ ਕਰਮਚਾਰੀਆਂ ਅਤੇ ਫਰੰਟਲਾਈਨ ਕਰਮਚਾਰੀਆਂ ਲਈ ਟੀਕਾਕਰਣ ਇਸ ਦੌਰ ਦੇ ਨਾਲ-ਨਾਲ ਜਾਰੀ ਰਹੇਗਾ ਭਾਵੇਂ ਕਿ ਪਹਿਲਾਂ ਰਜਿਸਟਰਡ ਨਹੀਂ ਹੋਏ ਫਿਰ ਵੀ ਉਹ ਵਾਕ ਇਨ ਰਾਹੀਂ ਟੀਕਾਕਰਨ ਸਥਾਨ ‘ਤੇ ਜਾ ਕੇ ਟੀਕਾ ਲਗਵਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਸੈਂਪਲਿੰਗ ਲਾਜ਼ਮੀ ਤੌਰ ਤੇ ਜੰਗੀ ਪੱਧਰ ‘ਤੇ ਕੀਤੀ ਜਾ ਰਹੀ ਹੈ ਤਾਂ ਜੋ ਜ਼ਿਲ੍ਹੇ ਵਿਚ ਜਲਦ ਤੋਂ ਜਲਦ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਹਰੇਕ ਜ਼ਿਲ੍ਹਾ ਵਾਸੀ ਤੱਕ ਵੈਕਸੀਨੇਸ਼ਨ ਉਪਲਬਧ ਨਹੀਂ ਹੋ ਜਾਂਦੀ ਉਦੋਂ ਤੱਕ ਮਾਸਕ ਲਗਾਉਣਾ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣਾ ਜਰੂਰੀ ਬਣਾਇਆ ਜਾਵੇ। ਜਦੋਂ ਵੀ ਸਿਹਤ ਵਿਭਾਗ ਦੀਆਂ ਟੀਮਾਂ ਆਉਂਦੀਆਂ ਹਨ ਤਾਂ ਸੈਂਪਲਿੰਗ ਜਰੂਰ ਕਾਰਵਾਈ ਜਾਵੇ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ਼੍ਰੀ ਹੰਸ ਨੇ ਸਮੂਹ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕਰਕੇ ਟੀਕਾਕਰਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ






