ਵਿਅਕਤੀ ਦੀ ਸੰਭਾਲ ਤੇ ਇਸ ਨੂੰ ਕਿਸੇ ਸੁਰੱਖਿਤ ਸਥਾਨ ਤੇ ਭੇਜਣ ਦੇ ਉਪਰਾਲੇ ਦੀ ਹੋ ਰਹੀ ਸ਼ਲਾਘਾ

ਮੱਖੂ (ਦਵਿੰਦਰ ਸਿੰਘ ਛਾਬੜਾ) : ਪ੍ਰਸਿੱਧ ਸਮਾਜ ਸੇਵੀ ਡਾ ਐਸ ਪੀ ਸਿੰਘ ਓਬਰਾਏ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਚੱਲ ਰਹੀ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਟਰੱਸਟ ਦੀ ਟੀਮ ਇੱਕ ਵਾਰ ਫਿਰ ਲਾਚਾਰ ਅਤੇ ਬੇਵੱਸ ਵਿਅਕਤੀ ਲਈ ਰੱਬ ਬਣ ਕੇ ਬਹੁੜੀ ਹੈ। ਸੰਸਥਾ ਦੀ ਜਿਲ੍ਹਾ ਇਸਤਰੀ ਵਿੰਗ ਦੀ ਪ੍ਰਧਾਨ ਸ੍ਰੀਮਤੀ ਅਮਰਜੀਤ ਕੌਰ ਛਾਬੜਾ ਅਤੇ ਮੱਖੂ ਦੇ ਪ੍ਰਧਾਨ ਦਵਿੰਦਰ ਸਿੰਘ ਛਾਬੜਾ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਿਆ ਸੀ ਕਿ ਇੱਥੋਂ ਦੇ ਰੇਲਵੇ ਫਾਟਿਕ ਦੇ ਨਜਦੀਕ ਪਿਛਲੇ ਕੁੱਝ ਦਿਨਾਂ ਤੋਂ ਇੱਕ ਮੰਦਬੁੱਧੀ ਪਰਵਾਸੀ ਵਿਅਕਤੀ ਬੜੀ ਬੁਰੀ ਹਾਲਤ ਵਿੱਚ ਪਿਆ ਸੀ। ਕਿਸੇ ਜਾਨਵਰ ਵੱਲੋਂ ਉਸ ਨੂੰ ਬੁਰੀ ਤੁਰ੍ਹਾਂ ਨਾਲ ਜਖਮੀਂ ਕਰ ਦਿੱਤਾ ਗਿਆ ਸੀ ਜਿਸ ਕਰਕੇ ਉਹ ਚੱਲ ਫਿਰ ਅਤੇ ਬੈਠ ਵੀ ਨਹੀਂ ਸਕਦਾ ਸੀ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਕਿਸੇ ਨੂੰ ਆਪਣੇ ਬਾਰੇ ਦੱਸ ਵੀ ਨਹੀਂ ਸਕਦਾ ਸੀ । ਉਨ੍ਹਾਂ ਦੱਸਿਆ ਕਿ ਇਹ ਸਾਰਾ ਮਾਮਲਾ ਸੰਸਥਾ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਦੇ ਧਿਆਨ ਵਿੱਚ ਲਿਆਦਾ ਗਿਆ ਤਾਂ ਉਨ੍ਹਾਂ ਵੱਲੋਂ ਮਿਲੇ ਆਦੇਸ਼ਾਂ ਮੁਤਾਬਕ ਸ੍ਰੀਮਤੀ ਅਮਰਜੀਤ ਕੌਰ ਛਾਬੜਾ,ਦਵਿੰਦਰ ਸਿੰਘ ਛਾਬੜਾ ਅਤੇ ਮਨਪ੍ਰੀਤ ਸਿੰਘ ਸਮੇਤ ਕੁੱਝ ਹੋਰ ਵਾਲੰਟੀਅਰਾਂ ਦੀ ਟੀਮ ਬਣਾ ਕੇ ਉਕਤ ਵਿਅਕਤੀ ਦੀ ਸਾਭ ਸੰਭਾਲ ਅਤੇ ਇਸ ਨੂੰ ਕਿਸੇ ਸੁਰੱਖਿਤ ਸਥਾਨ ਤੇ ਭੇਜਣ ਲਈ ਕਿਹਾ ਗਿਆ। ਜਿਸ ਤਹਿਤ ਕਾਰਵਾਈ ਕਰਦੇ ਹੋਏ ਟੀਮ ਨੇ ਪਹਿਲਾਂ ਪੁਲਿਸ ਕਾਗਜ਼ੀ ਕਰਵਾਈ ਅਤੇ ਬਾਅਦ ਵਿੱਚ ਉਸ ਨੂੰ ਮੈਡੀਕਲ ਸਹਾਇਤਾ ਦਿੱਤੀ। ਸਰਬੱਤ ਦਾ ਭਲਾ ਟੀਮ ਨੇ ਇਸ ਸਬੰਧੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਮਾਜ ਸੇਵੀ ਸੰਸਥਾ ਬੇਆਸਰਿਆਂ ਦਾ ਆਸਰਾ ਨਾਲ ਸੰਪਰਕ ਕੀਤਾ ਜਿਨ੍ਹਾਂ ਇਸ ਵਿਅਕਤੀ ਦੀ ਸਾਂਭ ਸੰਭਾਲ ਅਤੇ ਇਲਾਜ ਦੀ ਪੂਰੀ ਜੁਮੇਵਾਰੀ ਲਈ। ਇਸ ਤੇ ਉਕਤ ਸੰਸਥਾ ਬੇਆਸਰਿਆਂ ਦਾ ਆਸਰਾ ਵਾਲੇ ਜਿਨ੍ਹਾਂ ਵਿੱਚ ਕਮਲਜੀਤ ਸਿੰਘ ਪ੍ਰਧਾਨ ਅਤੇ ਉਹਨਾਂ ਟੀਮ ਮੈਂਬਰ ਮੱਖੂ ਆਏ ਅਤੇ ਉਸ ਵਿਅਕਤੀ ਨੂੰ ਆਪਣੇ ਨਾਲ ਆਪਣੇ ਆਸ਼ਰਮ ਅੰਮ੍ਰਿਤਸਰ ਲੈ ਗਏ। ਸਰਬੱਤ ਦਾ ਭਲਾ ਟਰੱਸਟ ਦੀ ਟੀਮ ਦੇ ਇਸ ਉਪਰਾਲੇ ਦੀ ਇਲਾਕੇ ਵਿੱਚ ਭਰਪੂਰ ਸਲਾਘਾ ਕੀਤੀ ਜਾ ਰਹੀ ਹੈ।ਮੌਕੇ ਤੇ ਡਾ ਬਿਨਪਾਤ ਸਿੰਘ ਅਤੇ ਗੁਰਚਰਨ ਸਿੰਘ ਸਮੇਤ ਕਈ ਹੋਰ ਪਤਵੰਤੇ ਵੀ ਮੌਜੂਦ ਸਨ।






