
ਮਾਨਸਾ, 9 ਜਨਵਰੀ: ਗੁਰਜੰਟ ਸਿੰਘ ਬਾਜੇਵਾਲੀਆ /ਭਾਰਤ ਚੋਣ ਕਮਿਸ਼ਨ ਵਲੋਂ ਸੂਬੇ ਵਿਚ ਵਿਧਾਨ ਸਭਾ ਚੋਣਾਂ ਦਾ ਸ਼ਡਿਊਲ ਜਾਰੀ ਹੋਣ ’ਤੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਮਹਿੰਦਰਪਾਲ ਅੱਜ ਸਥਾਨਕ ਬਚਤ ਭਵਨ ਮਾਨਸਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਜ਼ਿਲ੍ਹਾ ਮਾਨਸਾ ਵਿਖੇ ਆਦਰਸ਼ ਚੋਣ ਜਾਬਤੇ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ, ਜਿਸਦੇ ਲਈ ਹਰੇਕ ਤਰ੍ਹਾਂ ਤੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾ ਕਿਹਾ ਕਿ ਸਮੇਂ-ਸਮੇਂ ’ਤੇ ਭਾਰਤ ਚੋਣ ਕਮਿਸ਼ਨ ਵੱਲੋਂ ਮਿਲਣ ਵਾਲੀਆਂ ਹਦਾਇਤਾਂ ਨੂੰ ਜ਼ਿਲ੍ਹਾ ਪੱਧਰ ’ਤੇ ਇੰਨ-ਬਿੰਨ ਲਾਗੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਲੰਘਣਾ ਕਰਨ ਵਾਲਿਆਂ ਖਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਸ੍ਰੀ ਮਹਿੰਦਰਪਾਲ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ 21 ਜਨਵਰੀ ਤੋਂ ਸ਼ੁਰੂ ਹੋਣਗੀਆਂ ਅਤੇ ਨਾਜ਼ਦਗੀ ਦੀ ਅੰਤਿਮ ਮਿਤੀ 28 ਜਨਵਰੀ ਹੈ। ਨਾਮਜ਼ਦਗੀ ਦੀ ਪੜਤਾਲ 29 ਜਨਵਰੀ ਨੂੰ ਕੀਤੀ ਜਾਵੇਗੀ ਜਦਕਿ ਨਾਮਜ਼ਦਗੀ ਵਾਪਸ ਲੈਣ ਦੀ ਅੰਤਮ ਮਿਤੀ 31 ਜਨਵਰੀ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿਚ ਵੋਟਾਂ 14 ਫਰਵਰੀ ਨੂੰ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 10 ਮਾਰਚ 2022 ਨੂੰ ਹੋਵੇਗੀ।
ਉਨ੍ਹਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਅਨੁਸਾਰ 15 ਜਨਵਰੀ ਤੱਕ ਸਿਆਸੀ ਰੈਲੀਆਂ, ਇਕੱਠਾਂ ਉਪਰ ਮੁਕੰਮਲ ਤੌਰ ਤੇ ਪਾਬੰਦੀ ਲਗਾਈ ਗਈ ਹੈ। ਚੋਣ ਪ੍ਰਕਿਰਿਆ ਦੌਰਾਨ ਕੋਵਿਡ ਨਿਯਮਾਂ ਦੀ ਪਾਲਣਾ ਦਾ ਵਿਸੇਸ ਖਿਆਲ ਰੱਖਿਆ ਜਾਵੇਗਾ, ਜਿਸਦੇ ਲਈ ਹਰੇਕ ਪੋਲਿੰਗ ਸਟੇਸ਼ਨ ਤੇ ਸੈਨੀਟਾਈਜਰ ਸਮੇਤ ਹੋਰ ਲੋੜੀਂਦੀ ਸਮੱਗਰੀ ਦਾ ਵਿਸੇਸ਼ ਪ੍ਰਬੰਧ ਕੀਤੇ ਜਾਣਗੇ। ਉਨ੍ਹਾ ਕਿਹਾ ਕਿ ਜ਼ਿਲ੍ਹਾ ਮਾਨਸਾ ਵਿਖੇ ਸੁਖਾਵੇ ਮਾਹੌਲ ’ਚ ਚੋਣਾਂ ਦੇ ਕੰਮ ਨੂੰ ਨੇਪਚੇ ਚੜਾਉਣ ਲਈ ਵੱਖ-ਵੱਖ ਟਂੀਮਾਂ ਨਿਯੁਕਤ ਕੀਤੀਆ ਗਈਆਂ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਬਿਨ੍ਹਾਂ ਕਿਸੇ ਡਰ, ਭੈਅ ਅਤੇ ਲਾਲਚ ਤੋਂ ਆਪਣੀ ਵੋਟ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਚੋਣ ਪ੍ਰਕਿਰਿਆ ਦੋਰਾਨ ਜ਼ਿਲ੍ਹਾ ਪੱਧਰ ’ਤੇ ਸ਼ਿਕਾਇਤ ਸੈਲ ਸਥਾਪਤ ਕੀਤਾ ਗਿਆ ਹੈ, ਜਿਸਦਾ ਨੰਬਰ 01652-227827 ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜ਼ਿਲ੍ਹਾ ਪੱਧਰ ’ਤੇ ਸ਼ਿਕਾਇਤ ਸੈਲ ਦੇ ਨੰਬਰ ਤੋਂ ਇਲਾਵਾ 1950 ਜਾਂ ਸੀ. ਵਿਜ਼ਿਲ ਐਪ ’ਤੇ ਵੀ ਸ਼ਿਕਾਇਤ ਦਰਜ਼ ਕਰਵਾਈ ਜਾ ਸਕਦੀ ਹੈ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਚੇਅਰਮੈਨ ਜ਼ਿਲ੍ਹਾ ਪੱਧਰੀ ਐਮ.ਸੀ.ਐਮ.ਸੀ. ਕਮੇਟੀ ਸ੍ਰੀ ਮਹਿੰਦਰਪਾਲ ਨੇ ਇਸ ਦੌਰਾਨ ਜਿਲ੍ਹਾ ਪੱਧਰੀ ਮੀਡੀਆ ਸਰਟੀਫਿਕੇਟ ਐਂਡ ਮਾਨੀਟਰਿੰਗ ਕਮੇਟੀ (ਐਮ.ਸੀ.ਐਮ.ਸੀ.) ਦੇ ਰੂਮ ਦਾ ਦੌਰਾ ਕਰਕੇ ਕੰਮਕਾਜ ਦਾ ਜਾਇਜ਼ਾ ਵੀ ਲਿਆ। ਇਸ ਦੌਰਾਨ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਅਜੈ ਅਰੋੜਾ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਮਰਪ੍ਰੀਤ ਕੌਰ ਸੰਧੂ, ਤਹਿਸੀਲਦਾਰ ਚੋਣ ਹਰੀਸ਼ ਕੁਮਾਰ ਵੀ ਮੌਜੂਦ ਸਨ। ਉਨ੍ਹਾਂ ਕਮੇਟੀ ਨੂੰ ਨਿਰਦੇਸ਼ ਦਿੱਤੇ ਕਿ ਚੋਣਾਂ ਦੌਰਾਨ ਉਹ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨ ਅਤੇ ਪੇਡ ਨਿਊਜ਼ ਦੇ ਮਾਮਲਿਆਂ ਵਿਚ ਤੁਰੰਤ ਨੋਟਿਸ ਲੈਂਦੇ ਹੋਏ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਅਮਲ ਵਿਚ ਲਿਆਉਣ।






