ਨੌਵੇਂ ਦਿਨ ਵੀ ਸੰਘਰਸ਼ ਕਮੇਟੀ ਦੇ ਪੰਜ ਮੈਂਬਰ ਭੁੱਖ ਹੜਤਾਲ ਤੇ ਬੈਠੇ

ਮੋਗਾ, (ਹਰਪਾਲ ਸਹਾਰਨ) : ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦਾ ਸੰਘਰਸ਼ ਦਿਨੋ ਦਿਨ ਰੰਗ ਫੜਦਾ ਜਾ ਰਿਹਾ ਹੈ ਤੇ ਜਨ ਸਮਰਥਨ ਹਾਸਲ ਕਰ ਰਿਹਾ ਹੈ। ਅੱਜ ਸੰਦੀਪ ਕੌਰ, ਮਨਜੀਤ ਕੌਰ, ਰਾਜਵੰਤ ਕੌਰ, ਰਾਜਵਿੰਦਰ ਸਿੰਘ ਅਤੇ ਗੁਰਜਿੰਦਰ ਸਿੰਘ ਪੱਤੋ ਹੀਰਾ ਸਿੰਘ ਨੂੰ ਸਿਹਤ ਮੁਲਾਜਮ ਸ਼ੰਘਰਸ ਕਮੇਟੀ ਜਿਲ੍ਹਾ ਮੋਗਾ ਵੱਲੋਂ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਭੁੱਖ ਹੜਤਾਲ ਦੀ ਲੜੀ ਨੂੰ ਜਾਰੀ ਰੱਖਦਿਆਂ ਨੌਵੇਂ ਦਿਨ ਦੀ ਭੁੱਖ ਹੜਤਾਲ ਤੇ ਬਿਠਾਇਆ। ਇਸ ਮੌਕੇ ਕੁਲਬੀਰ ਸਿੰਘ ਢਿੱਲੋ ਸੂਬਾ ਪ੍ਰਧਾਨ ਨੇ ਭੁੱਖ ਹੜਤਾਲ ਤੇ ਬੈਠੇ ਸਾਥੀਆ ਨੂੰ ਇਸ ਚੱਲ ਰਹੇ ਸਾਰੇ ਸ਼ੰਘਰਸ਼ ਬਾਰੇ ਜਾਣੂ ਕਰਵਾਇਆ ਅਤੇ ਪਿਛਲੇ ਦਿਨੀਂ ਦੋ ਮਲਟੀਪਰਪਜ ਭੈਣਾ ਦੇ ਅਕਾਲ ਚਲਾਣਾ ਕਰ ਜਾਣ ਕਰਕੇ ਉਹਨਾ ਦੀ ਯਾਦ ਵਿੱਚ ਸਾਰੇ ਸਾਥੀਆ ਨੇ ਦੋ ਮਿੰਟ ਦਾ ਮੌਨ ਰੱਖਿਆ । ਧਰਨੇ ਨੂੰ ਸਟਾਫ ਨਰਸਿਸਜ ਯੂਨੀਅਨ ਦੇ ਪ੍ਰਧਾਨ ਜਗਪਾਲ ਕੌਰ ਜੀ ਨੇ ਵੀ ਸੰਬੋਧਨ ਕੀਤਾ ਅਤੇ ਪੂਰਨ ਸਮਰਥਨ ਦੇਣ ਦਾ ਵਾਅਦਾ ਕੀਤਾ। ਉਹਨਾਂ ਕਿਹਾ ਕਿ ਸਰਕਾਰ 12 ਸਾਲ ਤੋਂ ਠੇਕੇ ਤੇ ਕੰਮ ਕਰ ਰਹੀਆਂ ਭੈਣਾਂ ਨਾਲ ਸਰਾਸਰ ਧੱਕਾ ਕਰ ਰਹੀ ਹੈ ਤੇ ਉਹਨਾਂ ਦੀਆਂ ਸੇਵਾਵਾਂ ਨੂੰ ਨਜਰ ਅੰਦਾਜ ਕਰਕੇ 600 ਪੋਸਟਾਂ ਤੇ ਪੱਕੀ ਭਰਤੀ ਕਰਨ ਜਾ ਰਹੀ ਹੈ। ਉਹਨਾਂ ਕਿਹਾ ਕਿ ਸਿਹਤ ਵਿਭਾਗ ਦਾ ਹਰ ਮੁਲਾਜ਼ਮ ਇਸ ਧੱਕੇ ਦੇ ਵਿਰੋਧ ਵਿੱਚ ਖੜ੍ਹਾ ਹੈ ਤੇ ਲੋੜ ਪੈਣ ਤੇ ਸਿਹਤ ਵਿਭਾਗ ਦੇ ਮੁਲਾਜ਼ਮ ਕਰੋ ਜਾਂ ਮਰੋ ਦੇ ਇਸ ਸੰਘਰਸ਼ ਵਿਚ ਸਾਥ ਦੇਣ ਲਈ ਤਿਆਰ ਹਨ। ਉਹਨਾਂ 1263 ਮਲਟੀਪਰਪਜ ਹੈਲਥ ਵਰਕਰਾਂ ਦਾ ਪ੍ਰੋਬੇਸ਼ਨ ਪੀਰੀਅਡ ਖਤਮ ਕਰਨ ਅਤੇ ਕੋਵਿਡ 19 ਦੌਰਾਨ ਫਰੰਟਲਾਈਨਰਜ ਵਜੋਂ ਕੰਮ ਕਰਨ ਵਾਲੇ ਸਮੁੱਚੇ ਸਟਾਫ ਨੂੰ ਵਿਸ਼ੇਸ਼ ਇੰਕਰੀਮੈਂਟ ਦੇਣ ਦੀ ਮੰਗ ਕੀਤੀ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੀ. ਸੀ. ਐਮ. ਐਸ ਐਸੋਸੀਏਸ਼ਨ ਮੋਗਾ, ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ, ਫਾਰਮਾਸਿਸਟ ਐਸੋਸੀਏਸ਼ਨ ਜਿਲ੍ਹਾ ਮੋਗਾ, ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸ਼ਨ ਜਿਲ੍ਹਾ ਮੋਗਾ ਅਤੇ ਦਰਜਾ ਚਾਰ ਕਰਮਚਾਰੀ ਯੂਨੀਅਨ ਵੱਲੋਂ ਵੀ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੀਆਂ ਮੰਗਾਂ ਦੀ ਹਮਾਇਤ ਕਰਕੇ 7 ਅਗਸਤ ਦੇ ਮੋਤੀ ਮਹਿਲ ਘਿਰਾਓ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਧਰਨੇ ਵਿੱਚ ਚਮਨ ਲਾਲ ਸੰਗੇਲੀਆ ਪ੍ਰਧਾਨ ਕਲਾਸ ਫੋਰ ਯੂਨੀਅਨ, ਰਮਨਜੀਤ ਸਿੰਘ ਪੱਤੋ, ਵਪਿੰਦਰ ਸਿੰਘ, ਸਟਾਫ ਨਰਸ ਗੁਰਪ੍ਰੀਤ ਕੌਰ, ਰਣਜੀਤ ਕੌਰ, ਵੀਰਪਾਲ ਕੌਰ, ਕੰਵਲਪ੍ਰੀਤ ਕੌਰ, ਅਕਵਿੰਦਰ ਕੌਰ, ਮੁਨੀਸ਼ ਕੁਮਾਰ, ਜਸਪ੍ਰੀਤ ਸਿੰਘ, ਸੋਨੂੰ, ਗੁਲਸ਼ਨ ਕੁਮਾਰ ਅਤੇ ਕੇਵਲ ਸਿੰਘ ਆਦਿ ਹਾਜਰ ਸਨ।





