ਖੰਨਾ, 10 ਜਨਵਰੀ (ਪਰਮਜੀਤ ਸਿੰਘ ਧੀਮਾਨ)- ਲਗਾਤਾਰ ਪੈ ਰਹੇ ਮੀਂਹ ਨਾਲ ਜਿੱਥੇ ਠੰਢ ’ਚ ਵਾਧਾ ਹੋਇਆ ਹੈ ਅਤੇ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ, ਉੱਥੇ ਹੀ ਇਸ ਮੀਂਹ ਨੇ ਖੰਨਾ ’ਚ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਵੱਲੋਂ ਲਗਾਤਾਰ ਇਕ ਹਜ਼ਾਰ ਕਰੋੜ ਰੁਪਏ ਦੇ ਵਿਕਾਸ ਕਰਨ ਦੇ ਦਾਅਵਿਆਂ ਦੀ ਪੋਲ ਵੀ ਖੋਲ੍ਹੀ ਹੈ। ਇਹ ਗੱਲ ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਨੇ ਕਹੀ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਹਰ ਵਾਰ ਹਲਕੇ ਵਿਚ ਵਿਕਾਸ ਕੰਮ ਕਰਵਾਉਣ ਦਾ ਦਾਅਵਾ ਕਰਦੇ ਹਨ, ਪ੍ਰਤੂੰ ਵਿਕਾਸ ਦੀਆਂ ਪੋਲ ਖੋਲ੍ਹਦੀਆਂ ਤਸਵੀਰਾਂ ਦੇਖ ਕੇ ਵਿਕਾਸ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਥੋਂ ਦੇ ਲਲਹੇੜੀ ਰੋਡ ਲਾਇਨੋਂਪਾਰ ਇਲਾਕੇ ਦੀ ਹਾਲਤ ਤਰਸਯੋਗ ਬਣੀ ਹੋਈ ਹੈ, ਚਾਰੇ ਪਾਸੇ ਚਿੱਕੜ ਭਰਿਆ ਹੋਇਆ ਹੈ ਅਤੇ ਲੋਕਾਂ ਨੂੰ ਘਰਾਂ ਤੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ। ਇਸ ਮੌਕੇ ਲੋਕਾਂ ਨੇ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਾਂਗਰਸ ਸਰਕਾਰ ਤੇ ਘਪਲੇਬਾਜ਼ੀ ਦੇ ਦੋਸ਼ ਲਾਏ। ਇਸ ਮੌਕੇ ਜਸਦੀਪ ਕੌਰ ਯਾਦੂ ਨੇ ਕਿਹਾ ਕਿ ਅਕਾਲੀ ਸਰਕਾਰ ਸਮੇਂ 175 ਕਰੋੜ ਰੁਪਏ ਅਮਰੂਤ ਸਕੀਮ ਅਧੀਨ ਜਾਰੀ ਹੋਏ ਸਨ, ਜਿਸ ਵਿਚ ਵੱਡੇ ਪੱਧਰ ’ਤੇ ਘਪਲੇਬਾਜ਼ੀ ਹੋਈ। ਇਸ ਦੇ ਬਾਵਜੂਦ ਵੀ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜ਼ਬੂਰ ਹਨ ਅਤੇ ਲੋਕਾਂ ਨੂੰ ਹਰ ਸਮੇਂ ਕਿਸੇ ਭਿਆਨਕ ਬਿਮਾਰੀ ਦੇ ਫੈਲਣ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਬਸਪਾ ਸਰਕਾਰ ਆਉਣ ਤੇ ਪਹਿਲ ਦੇ ਅਧਾਰ ’ਤੇ ਇਸ ਇਲਾਕੇ ਦੀ ਹਾਲਤ ਸੁਧਾਰੀ ਜਾਵੇਗੀ। ਇਸ ਮੌਕੇ ਐਡਵੋਕੇਟ ਜਤਿੰਦਰਪਾਲ ਸਿੰਘ, ਪ੍ਰੀਤਮ ਸਿੰਘ, ਬਿੱਟੂ ਵਾਲੀਆ, ਰੀਟਾ ਰਾਣੀ, ਗਗਨ ਕਾਲੀਰਾਓ, ਪਰਮਪ੍ਰੀਤ ਸਿੰਘ ਪੌਂਪੀ, ਰਣਜੀਤ ਕੌਰ, ਕ੍ਰਿਪਾਲ ਸਿੰਘ ਘੁਡਾਣੀ, ਸਰਵਦੀਪ ਸਿੰਘ ਕਾਲੀਰਾਓ, ਰੂਬੀ ਭਾਟੀਆ, ਰਜਨੀ ਫੱਲੀ, ਤਲਵਿੰਦਰ ਕੌਰ ਰੋਸ਼ਾ, ਅਮਨ ਜਗਦਿਉ, ਨਰਿੰਦਰ ਕੁਮਾਰ ਆਦਿ ਹਾਜ਼ਰ ਸਨ।






