
ਖੰਨਾ, 27 ਦਸੰਬਰ (ਪਰਮਜੀਤ ਸਿੰਘ ਧੀਮਾਨ) – ਇਥੋਂ ਦੇ ਨੇੜਲੇ ਪਿੰਡ ਲਿਬੜਾ ਵਿਖੇ ਮੁਸਲਿਮ ਭਾਈਚਾਰੇ ਵੱਲੋਂ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਸਿਤਾਰ ਮੁਹੰਮਦ ਡਾਇਰੈਕਟਰ ਪੰਜਾਬ ਵਕਫ਼ ਬੋਰਡ ਦੀ ਅਗਵਾਈ ਹੇਠਾਂ ਤਿੰਨ ਦਿਨ ਲਗਾਤਾਰ ਲੰਗਰ ਲਾਇਆ ਗਿਆ। ਇਸ ਮੌਕੇ ਸੈਂਕੜੇ ਸ਼ਰਧਾਂਲੂਆਂ ਨੇ ਨਮਕੀਨ ਤੇ ਮਿੱਠੇ ਚੌਲਾਂ ਦਾ ਲੰਗਰ ਛਕਿਆ। ਇਸ ਮੌਕੇ ਸਿਤਾਰ ਮੁਹੰਮਦ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਜਾਤ, ਧਰਮ ਤੋਂ ਉੱਪਰ ਉਠ ਕੇ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਸਿੱਖ ਇਤਿਹਾਸ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਨਸ਼ੇ ਤਿਆਗ ਕੇ ਗੁਰੂ ਇਤਿਹਾਸ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਸਿੱਖੀ ਨਾਲ ਜੋੜਨ ਲਈ ਪ੍ਰੇਰਿਆ।




