
ਲੁਧਿਆਣਾ, (ਬਾਬੂ ਜੋਧਾ) : ਕਲਯੁਗੀ ਮਾਂ ਵੱਲੋਂ ਆਪਣੀ ਸਕੀ ਧੀ ਦਾ ਬਾਲ ਵਿਆਹ ਕਰਵਾ ਦੇਣ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਦੋ ਸਾਲ ਪਹਿਲਾਂ ਇਹ ਔਰਤ ਆਪਣੇ ਪਤੀ ਨੂੰ ਛੱਡ ਕੇ ਇੱਕ ਨੌਜਵਾਨ ਨਾਲ ਮੋਗਾ ਚਲੀ ਗਈ ਸੀ। ਤਿੰਨਾਂ ਬੱਚਿਆਂ ਨਾਲ ਮੋਗਾ ਗਈ ਔਰਤ ਨੇ ਨੌਜਵਾਨ ਨਾਲ ਹਮਮਸ਼ਵਰਾ ਹੋ ਕੇ ਗੁਰਵਿੰਦਰ ਗਿੱਲ ਨਾਮ ਦੇ ਇੱਕ ਵਿਅਕਤੀ ਨਾਲ ਆਪਣੀ ਨਾਬਾਲਗ ਬੇਟੀ ਦਾ ਵਿਆਹ ਕਰਵਾ ਦਿੱਤਾ। ਇਸ ਮਾਮਲੇ ‘ਚ ਥਾਣਾ ਜੋਧੇਵਾਲ ਬਸਤੀ ਦੀ ਪੁਲਿਸ ਨੇ ਪਿੰਡ ਕਨੇਜਾ ਦੇ ਰਹਿਣ ਵਾਲੇ ਔਰਤ ਦੇ ਪਤੀ ਪ੍ਰਮੋਦ ਕੁਮਾਰ ਵਰਮਾ ਦੇ ਬਿਆਨਾਂ ‘ਤੇ ਪੂਜਾ ਵਰਮਾ, ਗੌਰਵ ਤੇ ਗੁਰਵਿੰਦਰ ਗਿੱਲ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।ਪਿੰਡ ਕਨੇਜਾ ਦੇ ਰਹਿਣ ਵਾਲੇ ਪ੍ਰਮੋਦ ਕੁਮਾਰ ਵਰਮਾ ਨੇ ਦੱਸਿਆ ਕਿ ਤਕਰੀਬਨ ਦੋ ਸਾਲ ਪਹਿਲਾਂ ਉਸ ਦੀ ਪਤਨੀ ਪੂਜਾ ਤਿੰਨਾਂ ਬੱਚਿਆਂ ਨੂੰ ਲੈ ਕੇ ਗੌਰਵ ਨਾਮ ਦੇ ਨੌਜਵਾਨ ਨਾਲ ਚਲੀ ਗਈ ਸੀ। ਪ੍ਰਮੋਦ ਮੁਤਾਬਿਕ ਉਸ ਦੀ ਪਤਨੀ ਪੂਜਾ ਗੌਰਵ ਨਾਲ ਮੋਗਾ ਰਹਿ ਰਹੀ ਸੀ। ਪੂਜਾ ਨੇ ਗੌਰਵ ਨਾਲ ਹਮ ਮਸ਼ਵਰਾ ਹੋ ਕੇ ਨਾਬਾਲਗ ਧੀ ਦਾ ਵਿਆਹ ਗੁਰਵਿੰਦਰ ਗਿੱਲ ਨਾਮ ਦੇ ਵਿਅਕਤੀ ਨਾਲ ਕਰਵਾ ਦਿੱਤਾ। ਪਿਤਾ ਨੂੰ ਜਦ ਇਸ ਸ਼ਰਮਨਾਕ ਘਟਨਾ ਦਾ ਪਤਾ ਲੱਗਾ ਤਾਂ ਉਸ ਦੇ ਗੁੱਸੇ ਦੀ ਹੱਦ ਨਾ ਰਹੀ। ਪ੍ਰਮੋਦ ਨੇ ਇਸ ਦੀ ਸ਼ਿਕਾਇਤ ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਨੂੰ ਦਿੱਤੀ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫ਼ਸਰ ਏਐਸਆਈ ਰਾਧੇ ਸ਼ਾਮ ਨੇ ਦੱਸਿਆ ਕਿ ਪੁਲਿਸ ਨੇ ਪ੍ਰਮੋਦ ਕੁਮਾਰ ਵਰਮਾ ਦੇ ਬਿਆਨਾਂ ਉੱਪਰ ਉਸ ਦੀ ਪਤਨੀ ਪੂਜਾ ਵਰਮਾ ਗੌਰਵ ਤੇ ਗੁਰਵਿੰਦਰ ਗਿੱਲ ਨਾਮ ਦੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਇਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ।






