ਕਲੌਨੀ ਨਗਰ ਕੌਂਸਲ ਦੇ ਸਪੁਰਦ ਕਰਨ ਲਈ ਕਾਂਗਰਸੀ ਆਗੂ ਮੰਗਤ ਬਾਂਸਲ ਨੇ ਹਾਈਕੋਰਟ ਚ ਪਾਈ ਅਪੀਲ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਹੰਡਿਆਇਆ ਰੋਡ ਬਰਨਾਲਾ ਤੇ ਸਥਿਤ ਮਹੇਸ਼ ਨਗਰ ਕਲੌਨੀ ਨੂੰ ਨਗਰ ਕੌਂਸਲ ਬਰਨਾਲਾ ਦੇ ਸਪੁਰਦ ਕਰਨ ਲਈ ਕਾਂਗਰਸੀ ਆਗੂ ਮੰਗਤ ਬਾਂਸਲ ਵੱਲੋਂ ਹਾਈਕੋਰਟ ਚ ਅਪੀਲ ਪਾਈ ਗਈ ਹੈ, ਜਿਸ ਵੱਲੋਂ ਪੰਜਾਬ ਸਰਕਾਰ ਅਤੇ ਨਗਰ ਕੌਂਸਲ ਬਰਨਾਲਾ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਜਾਣਕਾਰੀ ਦਿੰਦਿਆਂ ਕਾਂਗਰਸ ਕੌਂਸਲਰ ਮੀਨੂੰ ਬਾਂਸਲ ਦੇ ਪਤੀ ਕਾਂਗਰਸੀ ਆਗੂ ਮੰਗਤ ਬਾਂਸਲ ਨੇ ਦੱਸਿਆ ਕਿ ਕੁੱਝ ਕਲੋਨਾਈਜਰਾਂ ਵੱਲੋਂ 5 ਏਕੜ ਜਮੀਨ ਇਸ ਕਲੌਨੀ ਚ ਮਿਲਾਉਣ ਦੇ ਯਤਨ ਕੀਤੇ ਜਾ ਰਹੇ ਹਨ ਤਾਂ ਕਿ ਮੋਟੀ ਕਮਾਈ ਕੀਤੀ ਜਾ ਸਕੇ। ਉਨਾਂ ਦੱਸਿਆ ਕਿ ਇਸ ਸਬੰਧ ਵਿੱਚ ਕੁੱਝ ਲੋਕ ਇੱਕ ਕਾਗਜ਼ ਤੇ ਉਨਾਂ ਤੋਂ ਵੀ ਦਸਤਖਤ ਕਰਵਾਉਣ ਲਈ ਆਏ ਸਨ, ਪਰ ਉਨਾਂ ਵੱਲੋਂ ਦਸਤਖਤ ਕਰਨ ਤੋਂ ਮਨਾ ਕਰ ਦਿੱਤਾ ਅਤੇ ਉਨਾਂ ਨੂੰ ਦੱਸਿਆ ਕਿ ਉਨਾਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਚ ਰਿਟ ਕੀਤੀ ਗਈ ਹੈ ਤੇ ਉਹ 5 ਏਕੜ ਜਮੀਨ ਇਸ ਕਲੌਨੀ ਚ ਮਿਲਾਉਣ ਦਾ ਵਿਰੋਧ ਕਰਦੇ ਹਨ। ਕਿਉਕਿ ਕਾਨੂੰਨ ਦੀਆਂ ਸ਼ਰਾਸਰ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਕਾਂਗਰਸ ਦੇ ਗਤੀਸ਼ੀਲ ਆਗੂ ਬਾਂਸਲ ਨੇ ਦੱਸਿਆ ਕਿ ਮਾਣਯੋਗ ਕੋਰਟ ਵੱਲੋਂ ਸਰਕਾਰ ਅਤੇ ਬਰਨਾਲਾ ਨਗਰ ਕੌਂਸਲ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ ਦੀ 8 ਅਗਸਤ ਨੂੰ ਸੁਣਵਾਈ ਹੋਵੇਗੀ। ਉਨਾਂ ਕਿਹਾ ਕਿ ਜੋ ਕਲੌਨੀ ਚ ਸੀਵਰੇਜ ਅਤੇ ਪਾਣੀ ਵਾਲੀਆਂ ਪਾਇਪਾਂ ਪਾਈਆਂ ਗਈਆਂ ਹਨ, ਉਸ ਨਾਲ ਰਹਿੰਦੇ ਲੋਕਾਂ ਦਾ ਹੀ ਨਿਰਵਾਹ ਬੜੀ ਮੁਸ਼ਕਿਲ ਨਾਲ ਹੋ ਰਿਹਾ ਹੈ, ਕਿਉਕਿ ਪਾਇਪਾਂ ਛੋਟੀਆਂ ਹੋਣ ਕਾਰਨ ਲੋਕਾਂ ਨੂੰ ਸਮੱਸਿਆਵਾਂ ਪੇਸ਼ ਆ ਰਹੀਆਂ ਹਨ, ਅਗਰ 5 ਏਕੜ ਜਮੀਨ ਕਲੌਨੀ ਵਿੱਚ ਮਿਲਾ ਦਿੱਤੀ ਜਾਂਦੀ ਹੈ ਤਾਂ ਮੁਸ਼ਕਿਲਾਂ ਵਿੱਚ ਹੋਰ ਵੀ ਵਾਧਾ ਹੋਵੇਗਾ। ਅਖੀਰ ਕਾਂਗਰਸ ਦੇ ਆਗੂ ਨੇ ਕਿਹਾ ਕਿ ਕਿਸੇ ਵੀ ਕੀਮਤ ਤੇ 5 ਏਕੜ ਜਮੀਨ ਕਲੌਨੀ ਚ ਮਿਲਾਉਣ ਨਹੀਂ ਦਿੱਤੀ ਜਾਵੇਗਾ ਚਾਹੇ ਜਿੰਨਾ ਮਰਜੀ ਸੰਘਰਸ਼ ਲੜਨਾ ਪਵੇ।





