ਬਿਨਾਂ ਕਿਸੇ ਫਾਲਤੂ ਦੇ ਖਰਚੇ, ਬਿਨਾਂ ਦਹੇਜ ਤੇ ਬਿਨਾਂ ਕਿਸੇ ਸ਼ੋਰ ਸ਼ਰਾਬੇ ਦੇ ਨੇਪਰੇ ਚੜ੍ਹਿਆ ਇਹ ਸ਼ੁਭ ਵਿਆਹ ।

ਮੋਗਾ/ਨਿਹਾਲ ਸਿੰਘ ਵਾਲਾ (ਹਰਪਾਲ ਸਹਾਰਨ) : ਸਾਡੇ ਸਮਾਜ ਵਿੱਚ ਕੁੜੀ ਜਾਂ ਮੁੰਡੇ ਦੀ ਵਿਆਹ ਕਰਨਾ ਇੱਕ ਬਹੁਤ ਹੀ ਖਰਚੀਲਾ ਸਮਾਗਮ ਬਣ ਗਿਆ ਹੈ । ਪਰ ਵਾਹਿਗੁਰੂ ਜਿੰਨਾ ਨੂੰ ਸੁਮੱਤ ਬਖ਼ਸ਼ਦਾ ਹੈ ਉਹਨੇ ਨੇ ਕਾਰਜ ਵੀ ਅਕਾਲ ਪੁਰਖ ਖੁਦ ਨੇਪਰੇ ਚਾੜ੍ਹ ਦਿੰਦਾ ਹੈ । ਬਿਨਾਂ ਕਿਸੇ ਦਾਜ ਦਹੇਜ ਦੇ ਸਾਦੇ ਢੰਗ ਨਾਲ ਵਿਆਹ ਦੇ ਬੰਧਨ ਵਿਚ ਬੱਝੀ ਇਸ ਗੁਰਸਿੱਖ ਜੋੜੀ ਨੂੰ ਹਰ ਕੋਈ ਵਧਾਈਆਂ ਦੇ ਰਿਹਾ ਹੈ। ਇਸ ਬਰਾਤ ਵਿਚ ਨਾ ਤਾਂ ਕੋਈ ਸ਼ੋ ਬਾਜੀ ਹੋਈ, ਨਾ ਕੋਈ ਰੌਲਾ ਰੱਪਾ ਪਾਇਆ ਗਿਆ, ਨਾ ਮਹਿੰਗੀਆਂ ਗੱਡੀਆਂ ਆਈਆਂ ।
ਖਾਲਸਾ ਫਲੋਰ ਮਿੱਲ ਅਤੇ ਖਾਲਸਾ ਕਰਿਆਨਾ ਸਟੋਰ ਬੱਧਨੀ ਕਲਾਂ ਦੇ ਮਾਲਕ ਗੁਰਮੀਤ ਸਿੰਘ ਖਾਲਸਾ ਦੇ ਸਪੁੱਤਰ ਸੁਖਮਨਪ੍ਰੀਤ ਸਿੰਘ ਖਾਲਸਾ ਦਾ ਸ਼ੁੱਭ ਅਨੰਦ ਕਾਰਜ ਖਾਲਸਾ ਮਲਟੀ ਸਟੋਰ ਨਿਹਾਲ ਸਿੰਘ ਵਾਲਾ ਦੇ ਮਾਲਕ ਸੁਖਵਿੰਦਰ ਸਿੰਘ ਮਧੇਕੇ ਦੀ ਸਪੁੱਤਰੀ ਬੀਬੀ ਜਸਮੀਨ ਕੌਰ ਖਾਲਸਾ ਨਾਲ ਇਤਿਹਾਸਕ ਗੁਰਦੁਆਰਾ ਪਾਕਾ ਸਾਹਿਬ ਪਾਤਸ਼ਾਹੀ ਦਸਵੀਂ ਮਧੇਕੇ ਵਿਖੇ ਪੂਰਨ ਗੁਰਮਰਿਆਦਾ ਅਨੁਸਾਰ ਹੋਇਆ।
ਇਸ ਵਿਆਹ ਦੀ ਖਾਸੀਅਤ ਇਹ ਸੀ ਕਿ ਸਾਰੀਆਂ ਰਸਮਾਂ ਸਵੇਰੇ ਗਿਆਰਾਂ ਵਜੇ ਤਕ ਸੰਪੂਰਨ ਹੋਈਆਂ। ਇਸ ਸੁਭਾਗੀ ਜੋੜੀ ਦੇ ਅਨੰਦ ਕਾਰਜ ਦੀ ਰਸਮ ਮੌਕੇ ਭਾਈ ਸ਼ਮਿੰਦਰਪਾਲ ਸਿੰਘ ਜਲੰਧਰ ਵਾਲੇ ਰਾਗੀ ਜੱਥੇ ਨੇ ਤੰਤੀ ਰਾਗਾਂ ‘ਚ ਲਾਵਾਂ ਦਾ ਕੀਰਤਨ ਕੀਤਾ। ਇਸ ਗੁਰਸਿੱਖ ਜੋੜੀ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਚਾਇਤ ਨੇ ਵਿਸ਼ੇਸ ਤੌਰ ‘ਤੇ ਸਨਮਾਨਿਤ ਕੀਤਾ। ਇਸ ਸਮੇਂ ਸਿੱਖ ਪ੍ਰਚਾਰਕ ਹਰਜੀਤ ਸਿੰਘ ਢਿਪਾਲੀ, ਗੁਰਮੇਲ ਸਿੰਘ ਮੰਦਰ, ਡਾ. ਸਰਬਜੀਤ ਸਿੰਘ, ਹਾਕਮ ਸਿੰਘ ਟੋਨਾ, ਪਰਮਿੰਦਰ ਸਿੰਘ ਸਰਪੰਚ, ਕੁਲਦੀਪ ਸਿੰਘ ਮਧੇਕੇ, ਜਸਵਿੰਦਰ ਸਿੰਘ, ਅਵਤਾਰ ਸਿੰਘ ਠੇਕੇਦਾਰ ਆਦਿ ਹਾਜ਼ਰ ਸਨ। ਇਸ ਸਾਦੇ ਵਿਆਹ ਤੇ ਚਰਚਾ ਕਰਦੇ ਹੋਏ ਪ੍ਰਚਾਰਕ ਹਰਜੀਤ ਸਿੰਘ ਢਪਾਲੀ ਨੇ ਕਿਹਾ ਕਿ ਹਰੇਕ ਨੂੰ ਆਪਣੇ ਬੱਚਿਆਂ ਨੂੰ ਗੁਰਮਤਿ ਨਾਲ ਜੋੜਨਾ ਚਾਹੀਦਾ ਹੈ ਅਤੇ ਸਾਦੇ ਵਿਆਹ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬੇਲੋੜੇ ਖਰਚਿਆਂ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਵਿਆਹਾਂ ਤੋਂ ਸਾਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ। ਅੱਜ ਸਾਡੇ ਸਮਾਜ ਨੂੰ ਇਸ ਤਰਾਂ ਦੀ ਸੋਚ ਦੀ ਲੋੜ ਹੈ ।






