
ਮਾਨਸਾ 18 ਸਤੰਬਰ : ( ਗੁਰਜੰਟ ਸਿੰਘ ਬਾਜੇਵਾਲੀਆ) 14 ਸਤੰਬਰ ਨੂੰ ਔਰੰਗਾਬਾਦ ਤੋਂ ਆਰੰਭ ਹੋਈ “ਮਹਾਰਾਸ਼ਟਰ ਸ਼ੇਤਕਾਰੀ ਸੰਵਾਦ ਯਾਤਰਾ” ਅਪਣੇ ਪੰਜਵੇਂ ਦਿਨ ਔਰੰਗਾਬਾਦ, ਧੂਲੇ, ਨਾਂਦੂਰਬਾਰ ਅਤੇ ਨਾਸਿਕ ਤੇ ਨਾਂਦੇੜ ਜ਼ਿਲਿਆਂ ਤੋਂ ਹੁੰਦੀ ਹੋਈ ਅਤੇ ਜਗਾ ਜਗਾ ਰੈਲੀਆਂ ਮੀਟਿੰਗਾਂ ਕਰਦੀ ਹੋਈ ਅੱਜ ਸ਼੍ਰੀ ਰਾਮਪੁਰ (ਜ਼ਿਲਾ ਅਹਮਦਨਗਰ) ਪਹੁੰਚੀ। ਕਿਸਾਨ ਸੰਗਠਨ ‘ ਸ਼੍ਰਮਿਕ ਸ਼ੇਤਕਾਰੀ ਸੰਗਠਨ ਮਹਾਰਾਸ਼ਟਰ’ ਵਲੋਂ ਇਥੇ ਇਕ ਭਰਵੀਂ ਹਾਲ ਮੀਟਿੰਗ ਜਥੇਬੰਦ ਕੀਤੀ ਗਈ। ਮੀਟਿੰਗ ਵਿੱਚ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਨਾਲ ਨਾਲ ਨੌਜਵਾਨ ਤੇ ਔਰਤਾਂ ਵੀ ਮੌਜੂਦ ਸਨ।
ਇਸ ਸਭਾ ਦੇ ਮੁੱਖ ਬੁਲਾਰਿਆਂ ਵਿੱਚ ਆਲ ਇੰਡੀਆ ਕਿਸਾਨ ਮਹਾਸਭਾ ਦੇ ਕੌਮੀ ਉਪ ਪ੍ਰਧਾਨ ਤੇ ਪੰਜਾਬ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਸੁਖਦਰਸ਼ਨ ਸਿੰਘ ਨੱਤ, ਆਲ ਇੰਡੀਆ ਕਿਸਾਨ ਮਹਾਸਭਾ ਦੇ ਕੌਮੀ ਜਨਰਲ ਸਕੱਤਰ ਰਾਜਾ ਰਾਮ ਸਿੰਘ, ਬਿਹਾਰ ਦੇ ਜੁਝਾਰੂ ਕਿਸਾਨ ਆਗੂ ਤੇ ਲਿਬਰੇਸ਼ਨ ਵਲੋਂ ਦੂਜੀ ਵਾਰ ਵਿਧਾਇਕ ਚੁਣੇ ਗਏ ਕਾਮਰੇਡ ਸੁਦਾਮਾ ਪ੍ਰਸ਼ਾਦ, ਸ਼੍ਰਮਿਕ ਸ਼ੇਤਕਾਰੀ ਸੰਗਠਨ ਮਹਾਰਾਸ਼ਟਰ ਦੇ ਸੂਬਾ ਪ੍ਰਧਾਨ ਰਜਿੰਦਰ ਬਾਬੂਕੇ, ਸਤਿਆ ਸ਼ੋਧਕ ਸ਼ੇਤਕਾਰੀ ਸਭਾ ਮਹਾਰਾਸ਼ਟਰ ਦੇ ਪ੍ਰਧਾਨ ਕਿਸ਼ੋਰ ਢਮਾਲੇ, ਮਾਨਵ ਮੁਕਤੀ ਮਿਸ਼ਨ ਦੇ ਆਗੂ ਨਿਤਿਨ ਸਾਵੰਤ ਅਤੇ ਕਾਮਰੇਡ ਸੁਧਾ ਸਨ। ਬੁਲਾਰਿਆਂ ਨੇ ਹੋਰਨਾਂ ਮੁੱਦਿਆਂ ਬਾਰੇ ਬੋਲਣ ਤੋਂ ਇਲਾਵਾ ਮਹਾਰਾਸ਼ਟਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੋਦੀ ਸਰਕਾਰ ਦੇ ਅੜੀਅਲ ਰਵੈਈਏ ਦੇ ਖਿਲਾਫ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਤੇ 27 ਸਤੰਬਰ ਨੂੰ ਹੋਣ ਵਾਲੇ “ਭਾਰਤ ਬੰਦ” ਨੂੰ ਪੂਰਨ ਤੌਰ ‘ਤੇ ਸਫਲ ਬਣਾਉਣ।






