
ਸੈਕਰਾਮੈਂਟੋ 15 ਮਾਰਚ (ਹੁਸਨ ਲੜੋਆ ਬੰਗਾ)-ਪਿਛਲੇ ਦੋ ਹਫਤਿਆਂ ਦੌਰਾਨ ਨਿਊਯਾਰਕ ਤੇ ਵਾਸ਼ਿੰਗਟਨ , ਡੀ ਸੀ ਵਿਚ ਬੇਘਰੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਗੋਲੀ ਚਲਾਉਣ ਦੀਆਂ 5 ਘਟਨਾਵਾਂ ਵਾਪਰੀਆਂ। ਇਨਾਂ ਸਾਰੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਾ ਇਕ ਹੀ ਵਿਅਕਤੀ ਹੈ ਜਿਸ ਦੀ ਪੁਲਿਸ ਵੱਡੀ ਪੱਧਰ ਉਪਰ ਭਾਲ ਕਰ ਰਹੀ ਹੈ। ਇਹ ਪ੍ਰਗਟਾਵਾ ਪੁਲਿਸ ਅਧਿਕਾਰੀਆਂ ਨੇ ਕੀਤਾ ਹੈ। ਨਿਊਯਾਰਕ ਪੁਲਿਸ ਵਿਭਾਗ ਤੇ ਵਾਸ਼ਿੰਗਟਨ ਦੇ ਮੈਟਰੋਪੋਲੀਟਨ ਪੁਲਿਸ ਵਿਭਾਗ ਨੇ ਜਾਰੀ ਇਕ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਬੇਘਰਿਆਂ ਉਪਰ ਗੋਲੀ ਚਲਾਉਣ ਦੀਆਂ ਘਨਟਾਵਾਂ 3 ਮਾਰਚ ਤੋਂ 12 ਮਾਰਚ ਦਰਮਿਆਨ ਵਾਪਰੀਆਂ ਜਿਨਾਂ ਵਿਚ ਦੋ ਵਿਅਕਤੀਆਂ ਦੀ ਮੌਤ ਹੋਈ। ਗੋਲੀ ਚੱਲਣ ਦੀ ਹਰ ਇਕ ਘਟਨਾ ਅੱਧੀ ਰਾਤ ਨੂੰ ਵਾਪਰੀ ਜਿਸ ਵਿਚ ਸੁੱਤੇ ਪਏ ਬੇਘਰੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ। ਬਿਆਨ ਅਨੁਸਾਰ ਪਿਛਲੇ ਹਫਤੇ ਵਾਸ਼ਿੰਗਟਨ ਵਿਚ ਗੋਲੀ ਚੱਲਣ ਦੀਆਂ 3 ਘਟਨਾਵਾਂ ਵਾਪਰੀਆਂ ਤੇ ਇਸ ਉਪਰੰਤ ਇਸ ਹਫਤੇ ਨਿਊਯਾਰਕ ਵਿਚ ਗੋਲੀ ਚੱਲਣ ਦੀਆਂ 2 ਘਟਨਾਵਾਂ ਵਾਪਰੀਆਂ। ਬਿਆਨ ਵਿਚ ਕਿਹਾ ਗਿਆ ਹੈ ਕਿ ਹਰੇਕ ਹਮਲੇ ਵਿਚ ਹਾਲਾਤ ਇਕੋ ਜਿਹੇ ਹਨ ਤੇ ਹਮਲਾ ਕਰਨ ਦਾ ਢੰਗ ਤਰੀਕਾ ਵੀ ਇਕੋ ਜਿਹਾ ਹੀ ਹੈ। ਪੁਲਿਸ ਨੇ ਇਸ ਸਬੰਧ ਵਿਚ ਹੋਰ ਵੇਰਵਾ ਜਾਰੀ ਨਹੀਂ ਕੀਤਾ ਹੈ। ਏਜੰਸੀਆਂ ਦੋਸ਼ੀ ਦੀ ਗ੍ਰਿਫਤਾਰੀ ਲਈ ਅਲਕੋਹਲ, ਤੰਬਾਕੂ , ਅਗਨ ਸ਼ਸ਼ਤਰ ਤੇ ਧਮਾਕਾਖੇਜ ਸਮਗਰੀ ਬਿਊਰੋ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ ਤੇ ਸ਼ੱਕੀ ਦੋਸ਼ੀ ਦੀ ਗ੍ਰਿਫਤਾਰੀ ਲਈ ਸੂਹ ਦੇਣ ਵਾਲੇ ਨੂੰ 55000 ਡਾਲਰ ਇਨਾਮ ਦੇਣ ਦੀ ਪੇਸ਼ਕਸ਼ ਕੀਤੀ ਹੈ। ਨਿਊਯਾਰਕ ਤੇ ਵਾਸ਼ਿੰਗਟਨ, ਡੀ ਸੀ ਦੇ ਮੇਅਰਾਂ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਬੇਗੁਨਾਹਾਂ ਦੀ ਜਾਨ ਲੈਣ ਵਾਲਾ ਹੱਤਿਆਰਾ ਅਜੇ ਵੀ ਖੁਲਾ ਫਿਰ ਰਿਹਾ ਹੈ। ਏਜੰਸੀਆਂ ਨੇ ਸ਼ੱਕੀ ਹਮਲਾਵਰ ਦੀ ਨਵੀਂ ਵੀਡੀਓ ਫੋਟੋ ਵੀ ਜਾਰੀ ਕੀਤੀਆਂ ਹਨ ਤੇ ਲੋਕਾਂ ਨੂੰ ਸ਼ੱਕੀ ਦੀ ਭਾਲ ਵਿਚ ਮੱਦਦ ਕਰਨ ਦੀ ਅਪੀਲ ਕੀਤੀ ਹੈ।






