ਪ੍ਰੋਗਰਾਮ ਦੀ ਸ਼ੁਰੂਆਤ‘ਮੁਰਗਾਬੀਆਂ’ ਦੀ ਲੇਖਕ ਗੁਰਮੀਤ ਪਨਾਗ ਨੇ ਆਪਣੇ ਸਵਾਗਤੀ ਸ਼ਬਦਾਂ ਨਾਲ ਕੀਤੀ

ਟੋਰਾਂਟੋ (ਸੁਰਜੀਤ ਕੌਰ) : ਕੈਨੇਡਾ ਦੀ ਸੰਸਥਾ ‘ਦਾ ਲਿਟਰੇਰੀ ਰਿਫਲੈਕਸ਼ਨਜ਼, ਟੋਰਾਂਟੋ’ ਵਲੋਂ ਪ੍ਰਸਿੱਧ ਕਹਾਣੀਕਾਰ ਸਰਘੀ ਦੀ ਪੁਸਤਕ ‘ਆਪਣੇ ਆਪਣੇ ਮਰਸੀਏ’ ਤੇ ਜ਼ੂਮ ਐਪ ਦੁਆਰਾ ਇਕ ਵਿਚਾਰ ਗੋਸ਼ਟੀ ਕਰਵਾਈ ਗਈ। ਪ੍ਰੋਗਰਾਮ ਦੀ ਸ਼ੁਰੂਆਤ‘ਮੁਰਗਾਬੀਆਂ’ ਦੀ ਲੇਖਕ ਗੁਰਮੀਤ ਪਨਾਗ ਨੇ ਆਪਣੇ ਸਵਾਗਤੀ ਸ਼ਬਦਾਂ ਨਾਲ ਕੀਤੀ ਅਤੇ ਸੁਰਜੀਤ ਨੇ ਆਪਣੀ ਸੰਸਥਾ ਦੀ ਜਾਣ-ਪਛਾਣ ਕਰਵਾਉਂਦਿਆ ਦੱਸਿਆ ਕਿ ਅਕਤੂਬਰ 2018 ਵਿਚ ਸੁਰਜੀਤ ਕੌਰ ਅਤੇ ਗੁਰਮੀਤ ਪਨਾਗ ਦੇ ਯਤਨਾਂ ਸਦਕਾ ਹੋਂਦ ਵਿਚ ਆਈ ਇਹ ਸੰਸਥਾ ਹੁਣ ਤੱਕ ਸਾਹਿਤ ਦੇ ਖੇਤਰ ਵਿਚ ਕਈ ਮਹੱਤਵਪੂਰਨ ਪੈੜਾਂ ਪਾ ਚੁੱਕੀ ਹੈ।
ਇਸ ਪ੍ਰੋਗਰਾਮ ਦਾ ਸੰਚਾਲਨ ਸੁਰਜੀਤ ਕੌਰ ਨੇ ਕੀਤਾ। ਸਭ ਤੋਂ ਪਹਿਲਾਂ ਸੁਰਜੀਤ ਨੇ ਹਾਜਰੀਨ ਨੂੰ ਪਰੋਗਰਾਮ ਦੀ ਰੂਪਰੇਖਾ ਅਤੇ ਨਿਯਮਾਂ ਬਾਰੇ ਦੱਸਿਆ। ਅੱਜ ਦੇ ਪ੍ਰੋਗਰਾਮ ਦੇ ਮੁਖ ਬੁਲਾਰੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਾਬਕਾ ਪ੍ਰੋਫੈਸਰ ਡਾਕਟਰ ਚਰਨਜੀਤ ਕੌਰ ਸਨ। ਡਾ. ਚਰਨਜੀਤ ਅੱਜ ਕੱਲ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਵਿਚ ਗੁਰੂ ਨਾਨਕ ਚੇਅਰ ਦੇ ਹੈੱਡ ਵਜੋਂ ਸੇਵਾ ਨਿਭਾ ਰਹੇ ਹਨ। ਉਹਨਾਂ ਨੇ ਹੱਥਲੀ ਪੁਸਤਕ ਤੇ ਕੋਈ 55 ਮਿਨਟ ਨਿੱਠ ਕੇ ਗੱਲ ਕੀਤੀ ਜਿਸ ਨੂੰ ਸਰੋਤਿਆਂ ਨੇ ਸਾਹ ਰੋਕ ਕੇ ਸੁਣਿਆ। ਦੂਜੇ ਵਕਤਾ ਟੋਰਾਂਟੋ ਦੇ ਪ੍ਰਸਿੱਧ ਵਿਦਵਾਨ ਪ੍ਰੋ. ਜਗੀਰ ਸਿੰਘ ਕਾਹਲੋਂ ਸਨ ਜਿਨ੍ਹਾਂ ਨੇ ਸਰਘੀ ਦੀਆਂ ਕਹਾਣੀਆਂ ਦੇ ਰੂਪਕ-ਪੱਖ ਦੀ ਗੱਲ ਕੀਤੀ ਅਤੇ ਆਖਰ ਵਿਚ ਦਿੱਲੀ ਤੋਂ ਪ੍ਰੋ. ਪਰਗਟ ਬਰਾੜ ਨੇ ਸਰਘੀ ਦੀਆਂ ਕਹਾਣੀਆਂ ਦੇ ਵਿਸ਼ਿਆਂ ਤੇ ਆਪਣੇ ਵਿਚਾਰ ਪਰਗਟ ਕੀਤੇ। ਡਾ. ਪੁਸ਼ਵਿੰਦਰ ਖੋਖਰ ਜੋ ਕਿ ‘ਸਿਰਜਣਾ’ ਵਿਚ ਵੀ ਸਰਘੀ ਦੀ ਕਿਤਾਬ ‘ਤੇ ਆਰਟੀਕਲ ਲਿਖ ਚੁੱਕੇ ਹਨ ਨੇ ਵੀ ਸਰਘੀ ਦੀਆਂ ਕਹਾਣੀਆਂ ਦੀ ਵਿਲੱਖਣਤਾ ਬਾਰੇ ਗੱਲ ਕਿਤੀ। ਹਾਜ਼ਰ ਵਿਦਵਾਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸਰਘੀ ਨੇ ਪੰਜਾਬੀ ਕਹਾਣੀ ਦੇ ਖੇਤਰ ਵਿਚ ਨਵੀਆਂ ਪੈੜਾਂ ਪਾਈਆਂ ਹਨ। ਉਸਦੀਆਂ ਕਹਾਣੀਆਂ ਵਿਚਲੀਆਂ ਔਰਤ ਪਾਤਰ ਆਪਣੇ ਸਵੈਮਾਣ ਤੇ ਵੱਜਦੀ ਸੱਟ ਨੂੰ ਸਹਾਰ ਨਹੀਂ ਸਕਦੀਆਂ ਤੇ ਆਪਣੀ ਤਰ੍ਹਾਂ ਨਾਲ ਵਿਦਰੋਹ ਕਰਦੀਆਂ ਹਨ। ਉਸਦੇ ਪਾਤਰ ਜ਼ਿੰਦਗੀ ਨਾਲ ਜੂਝਦੇ ਹਨ ਪਰ ਹਾਰਦੇ ਨਹੀਂ। ਡਾ ਚਰਨਜੀਤ ਨੇ ਉਸਦੀ ਇਕ ਇਕ ਕਹਾਣੀ ਦੀਆਂ ਪਰਤਾਂ ਖੋਲ੍ਹੀਆਂ ਤੇ ਪਾਤਰਾਂ ਦਾ ਮਨੋਵਿਸ਼ਲੇਸ਼ਣ ਕੀਤਾ। ਵਿਚਾਰ-ਚਰਚਾ ਦਾ ਆਗਾਜ਼ ਪ੍ਰੋਫੈਸਰ ਹਰਿੰਦਰ ਬਰਾੜ ਨੇ ਕੀਤਾ ਉਨ੍ਹਾਂ ਨੇ ਵੀ ਸਰਘੀ ਦੀਆਂ ਕਹਾਣੀਆਂ ਦੀ ਸ਼ਲਾਘਾ ਕੀਤੀ। ਇਸ ਤੋਂ ਉਪਰੰਤ ਸਵਾਲਾਂ ਅਤੇ ਟਿੱਪਣੀਆਂ ਦਾ ਸਿਲਸਿਲਾ ਸ਼ੁਰੂ ਹੋਇਆ ਸਾਰਿਆਂ ਨੇ ਸਰਘੀ ਨੂੰ ਇਹ ਖੂਬਸੂਰਤ ਕਹਾਣੀਆਂ ਲਿਖਣ ਲਈ ਵਧਾਈ ਦੱਤੀ। ਪਿਆਰਾ ਸਿੰਘ ਕੁੱਦੋਵਾਲ ਨੇ ਕਿਹਾ ਕਿ ਸਰਘੀ ਦੀਆਂ ਕਹਾਣੀਆਂ ਔਰਤ ਦੀ ਕਾਮੁਕਤਾ ਦੀ ਨਹੀਂ ਉਸਦੀ ‘ਸੈਂਸੁਐਲਿਟੀ’ ਦੀ ਗੱਲ ਕਰਦੀਆਂ ਹਨ। ਅੰਤ ਵਿਚ ਸਰਘੀ ਜੰਮੂ ਨੇ ਆਪਣੀ ਸਿਰਜਣ ਪ੍ਰਕ੍ਰਿਆ ਬਾਰੇ ਖੁਲ੍ਹ ਕੇ ਗੱਲ ਕੀਤੀ ਤੇ ਕੁੱਦੋਵਾਲ ਦੀ ਗੱਲ ਦੀ ਪੁਸ਼ਟੀ ਵੀ ਕੀਤੀ। ਉਸਨੇ ਕਹਾਣੀਆਂ ਪਿੱਛੇ ਵਾਪਰੀਆਂ ਘਟਨਾਵਾਂ ਅਤੇ ਉਨ੍ਹਾਂ ਦੇ ਪਾਤਰਾਂ ਦੀ ਵਿਚਤਾਰ ਨਾਲ ਗੱਲ ਕੀਤੀ।
ਇਸ ਅੰਤਰਰਾਸ਼ਟਰੀ ਸੈਮੀਨਾਰ ਵਿਚ ਕਨੈਡਾ, ਇੰਗਲੈਂਡ ਅਤੇ ਇੰਡੀਆ ਦੇ ਵਿਦਵਾਨ ਸ਼ਾਮਲ ਹੋਏ ਤੇ ਇਹ ਸਿੱਟਾ ਕੱਢਿਆ ਗਿਆ ਕਿ ਸਰਘੀ ਨੇ ਪੰਜਾਬੀ ਕਹਾਣੀ ਵਿਚ ਨਵੀਆਂ ਪੈੜਾਂ ਪਾਈਆਂ ਹਨ। ਉਹ ਆਪਣੀ ਪਹਿਲੀ ਪੁਸਤਕ ਨਾਲ ਹੀ ਇਕ ਸਸ਼ੱਕਤ ਕਹਾਣੀਕਾਰ ਵਜੋਂ ਉੱਭਰ ਕੇ ਸਾਹਮਣੇ ਆਈ ਹੈ। ਆਪਣੀ ਸੰਸਥਾ ਵਲੋਂ ਸਰਘੀ ਨੂੰ ਵਧਾਈ ਦਿੰਦਿਆਂ ਆਸ ਕਰਦੇ ਹਾਂ ਕਿ ਨੇੜ ਭਵਿੱਖ ਵਿਚ ਉਹ ਹੋਰ ਵੀ ਖੂਬਸੂਰਤ ਕਹਾਣੀਆਂ ਲਿਖੇਗੀ।






