ਖੰਨਾ, 31 ਜਨਵਰੀ (ਪਰਮਜੀਤ ਸਿੰਘ ਧੀਮਾਨ) – ਹਲਕਾ ਖੰਨਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਜਸਦੀਪ ਕੌਰ ਯਾਦੂ ਦੀ ਚੋਣ ਨੂੰ ਉਦੋਂ ਵੱਡਾ ਹੁਲਾਰਾ ਮਿਲਿਆ, ਜਦੋਂ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਮੀਤ ਪ੍ਰਧਾਨ ਜਸਵੰਤ ਸਿੰਘ ਬੀਜਾ ਨੇ ਆਪਣੇ ਅਨੇਕਾਂ ਸਾਥੀਆਂ ਸਮੇਤ ਉਨ੍ਹਾਂ ਦੀ ਮਦਦ ਕਰਨ ਦਾ ਐਲਾਨ ਕੀਤਾ। ਇਥੇ ਜ਼ਿਕਰਯੋਗ ਹੈ ਕਿ ਸ੍ਰੀ ਬੀਜਾ ਪਿਛਲੇ 40 ਸਾਲਾਂ ਤੋਂ ਨਿਰੰਤਰ ਕਿਸਾਨ ਯੂਨੀਅਨ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਹਰ ਕਿਸਾਨ ਸੰਘਰਸ਼ ਵਿਚ ਆਪਣਾ ਯੋਗਦਾਨ ਪਾਇਆ ਹੈ। ਵਰਨਣਯੋਗ ਹੈ ਕਿ ਪੰਜਾਬ ਦੀਆਂ 32 ਕਿਸਾਨ ਜੱਥੇਬੰਦੀਆਂ ਵਿਚੋਂ 10 ਕਿਸਾਨ ਜੱਥੇਬੰਦੀਆਂ ਸੰਯੁਕਤ ਸਮਾਜ ਮੋਰਚੇ ਵੱਲੋਂ ਵਿਧਾਨ ਸਭਾ ਚੋਣਾਂ ਲੜੇ ਜਾਣ ਦਾ ਵਿਰੋਧ ਕਰ ਰਹੀਆਂ ਹਨ, ਜਿਨ੍ਹਾਂ ਵਿਚ ਲੱਖੋਵਾਲ ਯੂਨੀਅਨ ਵੀ ਸ਼ਾਮਲ ਹੈ ਅਤੇ ਇਸ ਜੱਥੇਬੰਦੀ ਦਾ ਇਸ ਇਲਾਕੇ ਵਿਚ ਚੰਗਾ ਅਧਾਰ ਹੈ। ਇਸੇ ਦੌਰਾਨ ਬੀਜਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜੱਥੇਬੰਦੀ ਨੇ ਆਪਣੇ ਵਰਕਰਾਂ ਨੂੰ ਇਸ ਗੱਲ ਦੀ ਛੋਟ ਦਿੱਤੀ ਹੈ ਕਿ ਉਹ ਜਿੱਥੇ ਮਰਜ਼ੀ ਆਪਣੇ ਵੋਟ ਪਾਉਣ, ਜਿਸ ਤਹਿਤ ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਅਕਾਲੀ ਉਮੀਦਵਾਰ ਦੀ ਮਦਦ ਕੀਤੇ ਜਾਣ ਦਾ ਫੈਸਲਾ ਲਿਆ ਹੈ। ਇਸ ਮੌਕੇ ਉਨ੍ਹਾਂ ਨਾਲ ਕਿਸਾਨ ਆਗੂ ਜਗਤਾਰ ਸਿੰਘ ਸਾਬਕਾ ਪੰਚ, ਰਣਯੋਧ ਸਿੰਘ ਰੁਪਾਲੋਂ, ਬਹਾਦਰ ਸਿੰਘ, ਸੁਖਦੇਵ ਸਿੰਘ ਸੁੱਖਾ, ਜਗਪ੍ਰੀਤ ਸਿੰਘ ਮਾਨ, ਭਗਵਾਨ ਸਿੰਘ ਤੇ ਸਾਥੀ ਹਾਜ਼ਰ ਸਨ।




