ਕਿਸਾਨਾਂ ਵੱਲੋਂ ਬੈਂਡ ਬਾਜਿਆਂ ਦੇ ਨਾਲ ਸਵਾਗਤ : ਯਾਤਰਾ ਕਿਸਾਨ ਸੰਘਰਸ਼ ਨੂੰ ਕੀਤੀ ਸਮਰਪਿਤ

ਨਾਭਾ (ਸੁਖਚੈਨ ਲੁਬਾਣਾ) : ਜਿੱਥੇ ਅੱਜ ਪੂਰੇ ਦੇਸ਼ ਭਰ ਦੇ ਅੰਦਰ ਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਬਡ਼ੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਉਥੇ ਹੀ ਸ਼ਿਵਰਾਤਰੀ ਦੇ ਤਿਉਹਾਰ ਵਾਲੇ ਦਿਨ ਕਾਂਵੜੀਆਂ ਦੇ ਵੱਲੋਂ ਆਪਣੀ ਮਨੋਕਾਮਨਾ ਪੂਰੀ ਕਰਨ ਦੇ ਲਈ ਪਵਿੱਤਰ ਗੰਗਾ ਜਲ ਲਿਆ ਕੇ ਸ਼ਿਵਲਿੰਗ ਤੇ ਚੜ੍ਹਾਇਆ ਜਾਂਦਾ ਹੈ, ਪਰ ਨਾਭਾ ਵਿਖੇ 20 ਦੇ ਕਰੀਬ ਕਾਂਵੜੀਆਂ ਵੱਲੋਂ ਗੰਗਾ ਜਲ ਦੀ ਤਰ੍ਹਾਂ ਪਵਿੱਤਰ ਕਿਸਾਨ ਅੰਦੋਲਨ ਦੀ ਮਹਾਨ ਜਿੱਤ ਦੀ ਉਮੀਦ ਨੂੰ ਸਮਰਪਿਤ ਕਾਂਵੜ ਯਾਤਰਾ ਨਾਭਾ ਵਿਖੇ ਪਹੁੰਚੀ ਅਤੇ ਕਿਸਾਨਾਂ ਵੱਲੋਂ ਉਨ੍ਹਾਂ ਦਾ ਬੈਂਡ ਬਾਜਿਆਂ ਦੇ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਕਾਂਵਡ਼ੀਆਂ ਨੇ ਕਿਹਾ ਕਿ ਇਹ ਯਾਤਰਾ ਇਸ ਵਾਰ ਅਸੀਂ ਕਿਸਾਨ ਅੰਦੋਲਨ ਨੂੰ ਸਮਰਪਤ ਕੀਤੀ ਹੈ, ਦੂਜੇ ਪਾਸੇ ਕਿਸਾਨਾਂ ਨੇ ਇਸ ਕਾਂਵੜ ਯਾਤਰਾ ਦੀ ਸ਼ਲਾਘਾ ਕੀਤੀ।
ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਦੇ ਦਰਮਿਆਨ ਅਨੇਕਾਂ ਹੀ ਤਿਓਹਾਰ ਆਏ ਪਰ ਹਰ ਤਿਉਹਾਰ ਨੂੰ ਕਿਸਾਨਾਂ ਵੱਲੋਂ ਅਲੱਗ-ਅਲੱਗ ਤਰ੍ਹਾਂ ਮਨਾਇਆ ਗਿਆ ਅਤੇ ਹਰ ਤਿਉਹਾਰ ਨੂੰ ਕਿਸਾਨੀ ਅੰਦੋਲਨ ਦੇ ਨਾਲ ਜੋਡ਼ਿਆ ਗਿਆ। ਜਿਸ ਦੇ ਤਹਿਤ ਹਿੰਦੂਆਂ ਦਾ ਸਭ ਤੋਂ ਵੱਡਾ ਤਿਉਹਾਰ ਸ਼ਿਵਰਾਤਰੀ ਦਾ ਤਿਉਹਾਰ ਨਾਭਾ ਵਿਖੇ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਉਥੇ ਹੀ 20 ਦੇ ਕਰੀਬ ਕਾਂਵੜੀਆਂ ਵੱਲੋਂ ਹਰਿਦੁਆਰ ਤੋਂ ਗੰਗਾ ਜਲ ਮੋਢਿਆਂ ਤੇ ਚੁੱਕ ਕੇ ਪੈਦਲ ਯਾਤਰਾ ਰਾਹੀਂ ਨਾਭਾ ਪਹੁੰਚੇ ਅਤੇ ਇਨ੍ਹਾਂ ਕਾਵੜੀਆਂ ਵੱਲੋਂ ਇਹ ਤਿਉਹਾਰ ਕਿਸਾਨੀ ਅੰਦੋਲਨ ਨੂੰ ਸਮਰਪਿਤ ਕੀਤਾ ਗਿਆ ਹੈ ਅਤੇ ਕਿਸਾਨਾਂ ਦੇ ਲਈ ਚੜ੍ਹਦੀਕਲਾ ਲਈ ਅਰਦਾਸ ਕੀਤੀ ਗਈ। ਇਹ ਕਾਵੜ ਯਾਤਰਾ ਨਾਭਾ ਬਲਾਕ ਦੇ ਪਿੰਡ ਰਾਮਗਡ਼੍ਹ ਵਿਖੇ ਸਮਾਪਤ ਹੋਵੇਗੀ ਅਤੇ ਰਾਤ ਨੂੰ ਇਹ ਕਾਵੜ ਕਿਸਾਨੀ ਅੰਦੋਲਨ ਦੀ ਚਡ਼੍ਹਦੀਕਲਾ ਲਈ ਪੂਜਾ ਕਰਨਗੇ ਪਹਿਲੀ ਵਾਰੀ ਹੋਇਆ ਹੈ ਕਿ ਸ਼ਿਵਰਾਤਰੀ ਦਾ ਤਿਉਹਾਰ ਇਹ ਸ਼ਰਧਾਲੂ ਕਿਸਾਨੀ ਅੰਦੋਲਨ ਨੂੰ ਸਮਰਪਤ ਕਰ ਰਹੇ ਹਨ ਇਹ ਕਾਵੜੀਆਂ ਦੀ ਨੋਵੀ ਯਾਤਰਾ ਹੈ ਜੋ ਕਿਸਾਨੀ ਅੰਦੋਲਨ ਲਈ ਸਮਰਪਿਤ ਕੀਤੀ ਜਾ ਰਹੀ ਹੈ।
ਇਸ ਮੌਕੇ ਤੇ ਕਾਂਵੜ ਬੇਅੰਤ ਸਿੰਘ ਅਤੇ ਕਾਂਵੜ ਪਵਨ ਕੁਮਾਰ ਨੇ ਕਿਹਾ ਕਿ ਕਿਸਾਨੀ ਅੰਦੋਲਨ ਦੀ ਚਡ਼੍ਹਦੀਕਲਾ ਲਈ ਅਸੀਂ ਇਹ ਯਾਤਰਾ ਕਿਸਾਨਾਂ ਨੂੰ ਸਮਰਪਤ ਕੀਤੀ ਹੈ ਇਹ ਸਾਡੀ ਨੌਵੀਂ ਯਾਤਰਾ ਹੈ ਅਤੇ ਅਸੀਂ ਇਹ ਗੰਗਾ ਜਲ ਪੈਦਲ ਤੁਰ ਕੇ 270 ਕਿਲੋਮੀਟਰ ਦੇ ਕਰੀਬ ਯਾਤਰਾ ਤੈਅ ਕੀਤੀ ਹੈ, ਅਸੀਂ ਖ਼ੁਸ਼ ਵੀ ਹਾਂ ਕਿ ਅਸੀਂ ਇਹ ਯਾਤਰਾ ਕਿਸਾਨੀ ਅੰਦੋਲਨ ਲਈ ਸਮਰਪਿਤ ਕੀਤੀ ਹੈ, ਕਿਉਂਕਿ ਕਿਸਾਨ ਦੇਸ਼ ਦਾ ਅੰਨਦਾਤਾ ਹੈ ਜੋ ਸਾਰੇ ਦੇਸ਼ ਦਾ ਢਿੱਡ ਭਰਦਾ ਹੈ ਅਤੇ ਅੱਜ ਕਿਸਾਨ ਸੜਕਾਂ ਤੇ ਰੁਲ ਰਿਹਾ ਹੈ ਜਿਸ ਦੇ ਮੱਦੇਨਜ਼ਰ ਅਸੀਂ ਇਹ ਯਾਤਰਾ ਕਿਸਾਨਾਂ ਨੂੰ ਸਮਰਪਿਤ ਕੀਤੀ ਹੈ।
ਇਸ ਮੌਕੇ ਤੇ ਕਿਸਾਨ ਆਗੂ ਜਸਵਿੰਦਰ ਸਿੰਘ ਅਤੇ ਕਿਸਾਨ ਆਗੂ ਬਲਵੰਤ ਸਿੰਘ ਨੇ ਕਿਹਾ ਕਿ ਇਹ ਜੋ ਕਾਂਵੜੀਆਂ ਵੱਲੋਂ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਨੂੰ ਇਹ ਯਾਤਰਾ ਕਿਸਾਨੀ ਅੰਦੋਲਨ ਨੂੰ ਸਮਰਪਤ ਕੀਤੀ ਹੈ ਅਸੀਂ ਬਹੁਤ ਖੁਸ਼ ਹਾਂ ਕਿਉਂਕਿ ਸਾਰੀ ਦੇਸ਼ ਕਿਸਾਨਾਂ ਦੇ ਨਾਲ ਇਕਜੁੱਟ ਹੈ ਅਤੇ ਹਰ ਧਰਮ ਦਾ ਵਿਅਕਤੀ ਕਿਸਾਨੀ ਅੰਦੋਲਨ ਨੂੰ ਹੁਲਾਰਾ ਦੇ ਰਿਹਾ ਹੈ। ਅੱਜ ਪੰਡਤਾਂ ਵੱਲੋਂ ਵੀ ਸਿੱਧ ਕਰ ਦਿੱਤਾ ਹੈ ਕਿ ਉਹ ਵੀ ਕਿਸਾਨੀ ਅੰਦੋਲਨ ਦੇ ਨਾਲ ਹਨ ਅਤੇ ਇਨ੍ਹਾਂ ਵੱਲੋਂ ਜੋ ਉਪਰਾਲਾ ਕੀਤਾ ਗਿਆ ਹੈ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਆਉਣ ਵਾਲੇ ਸਮੇਂ ਵਿਚ ਮੋਦੀ ਦਾ ਜੋ ਹੰਕਾਰ ਹੈ ਜ਼ਰੂਰ ਟੁੱਟੇਗਾ।
ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰੀ ਵੇਖਣ ਨੂੰ ਮਿਲ ਰਿਹਾ ਹੈ ਕਿ ਜਿਥੇ ਦੇਸ਼ ਭਰ ਵਿੱਚ ਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਬਡ਼ੀ ਹੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ ਉਥੇ ਹੀ ਇਕ ਵੱਖਰੀ ਤਸਵੀਰ ਨਾਭਾ ਤੋਂ ਵੇਖਣ ਨੂੰ ਮਿਲੀ ਹੈ ਜਿਥੇ ਕਾਂਵੜੀਆਂ ਵੱਲੋਂ ਇਹ ਯਾਤਰਾ ਕਿਸਾਨੀ ਅੰਦੋਲਨ ਨੂੰ ਸਮਰਪਿਤ ਕੀਤੀ ਗਈ ਹੈ।





