ਲੜਕੀ ਦੀ ਪਛਾਣ 19 ਸਾਲਾ ਅਨੂ ਅਤੇ ਲੜਕੇ ਦੀ ਪਛਾਣ 23 ਸਾਲਾ ਸੰਜੈ, ਮੰਡੀ ਕਿੱਲਿਆਂਵਾਲੀ ਵਜੋਂ ਹੋਈ

ਸ੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਜਿਲੇ ਦੀ ਮੰਡੀ ਕਿੱਲਿਆਂਵਾਲੀ ਵਿੱਚ ਅੱਜ ਵਾਟਰ ਵਰਕਸ ਦੀ ਡਿੱਗੀ ਵਿਚੋਂ 9 ਦਿਨ ਪਹਿਲਾਂ ਵਿਆਹੀ ਲੜਕੀ ਅਤੇ ਉਸ ਦੇ ਕਥਿਤ ਪ੍ਰੇਮੀ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਲੜਕੀ ਦੀ ਪਛਾਣ 19 ਸਾਲਾ ਅਨੂ ਅਤੇ ਲੜਕੇ ਦੀ ਪਛਾਣ 23 ਸਾਲਾ ਸੰਜੈ ਵਾਸੀ ਮੰਡੀ ਕਿੱਲਿਆਂਵਾਲੀ ਵਜੋਂ ਹੋਈ। ਪੁਲੀਸ ਨੇ ਲਾਸ਼ਾਂ ਬਰਾਮਦ ਕਰਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ। ਲੜਕੀ ਕੱਲ ਸਵੇਰੇ ਤੋਂ ਲਾਪਤਾ ਸੀ। ਡਿੱਗੀਆਂ ਨੇ ਨੇੜਿਓਂ ਪੁਲੀਸ ਨੂੰ ਲੜਕੀ ਵੱਲੋਂ ਵਿਆਹ ਦੇ ਸ਼ਗਨਾਂ ਵਾਲਾ ਭੰਨ੍ਹਿਆ ਚੂੜਾ ਵੀ ਮਿਲਿਆ। ਮੰਡੀ ਕਿੱਲਿਆਂਵਾਲੀ ਵਾਸੀ ਲੜਕੀ ਦਾ ਵਿਆਹ 16 ਜੂਨ ਨੂੰ ਹਨੂੰਮਾਨਗੜ੍ਹ ਵਿਖੇ ਹੋਇਆ ਸੀ। ਉਹ ਪੰਜ ਦਿਨ ਪਹਿਲਾਂ ਪਤੀ ਨਾਲ ਪੇਕੇ ਆਈ ਸੀ। ਬੀਤੇ ਕੱਲ੍ਹ ਸਵੇਰੇ ਸੱਤ-ਅੱਠ ਵਜੇ ਉਹ ਬਾਜ਼ਾਰੋਂ ਸਾਮਾਨ ਲਿਆਉਣ ਬਾਰੇ ਆਖ ਕੇ ਘਰੋਂ ਗਈ ਸੀ। ਦੇਰ ਰਾਤ ਤੱਕ ਵਾਪਸ ਨਹੀਂ ਆਈ ਤਾਂ ਮਾਪਿਆਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਅੱਜ ਸਵੇਰੇ ਉਸ ਦੀ ਲਾਸ਼ ਅਣਪਛਾਤੇ ਵਿਅਕਤੀ ਨਾਲ ਡਿੱਗੀ ਵਿੱਚ ਤੈਰਦੀ ਹੋਈ ਮਿਲੀ। ਨੌਜਵਾਨ ਦੀ ਪਹਿਚਾਣ ਸੰਜੈ ਵਜੋ ਹੋਈ ਜੋ ਅਜੇ ਤੱਕ ਕੁਆਰਾ ਸੀ। ਪਤਾ ਲੱਗਿਆ ਹੈ ਕਿ ਲੜਕੀ ਅਤੇ ਸੰਜੈ ਵਿਚਕਾਰ ਕਾਫ਼ੀ ਸਮੇਂ ਤੋਂ ਕਥਿਤ ਪ੍ਰੇਮ ਸਬੰਧ ਸਨ। ਵਿਆਹ ਤੋਂ ਲੜਕੀ ਖੁਸ਼ ਨਹੀਂ ਸੀ। ਹਾਲਾਂਕਿ ਪਰਿਵਾਰ ਨੇ ਅਨੂ ਨੇ ਪੇ੍ਮ ਸਬੰਧਾਂ ਬਾਰੇ ਜਾਣਕਾਰੀ ਤੋਂ ਇਨਕਾਰ ਕੀਤਾ ਹੈ। ਦੇਰ ਸ਼ਾਮ ਤੱਕ ਲੜਕੀ ਦੇ ਘਰ ਨਾ ਪਰਤਣ ’ਤੇ ਉਸ ਦਾ ਪਤੀ ਹਨੂੰਮਾਨਗੜ੍ਹ ਪਰਤ ਗਿਆ ਸੀ। ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮਲੋਟ ਭੇਜ ਦਿੱਤਾ।






