ਕੀਵੀ ਖਿਡਾਰੀ ਪਹਿਲੀ ਵਾਰ ਨਵੀ ਜਰਸੀ ਨਾਲ ਆਸਟ੍ਰੇਲੀਆ ਖ਼ਿਲਾਫ਼ ਮੈਦਾਨ ‘ਤੇ ਨਜ਼ਰ ਆਉਣਗੇ

ਕ੍ਰਾਈਸਟਚਰਚ (ਏਜੇਂਸੀ) : ਨਿਊਜ਼ੀਲੈਂਡ ਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦੀ ਸ਼ੁਰੂਆਤ ਅੱਜ ਤੋਂ ਹੋਵੇਗੀ। ਇਹ ਮੁਕਾਬਲਾ ਕ੍ਰਾਈਸਟਚਰਚ ਵਿਚ ਖੇਡਿਆ ਜਾਵੇਗਾ। ਇਸ ਲਈ ਦੋਵੇਂ ਟੀਮਾਂ ਨੇ ਅਭਿਆਸ ਕੀਤਾ। ਨਿਊਜ਼ੀਲੈਂਡ ਕ੍ਰਿਕਟ ਨੇ ਪਿਛਲੇ ਦਿਨੀਂ ਟੀਮ ਦੀ ਟੀ-20 ਜਰਸੀ ਵੀ ਜਾਰੀ ਕੀਤੀ ਸੀ। ਕੀਵੀ ਖਿਡਾਰੀ ਪਹਿਲੀ ਵਾਰ ਇਸ ਜਰਸੀ ਨਾਲ ਆਸਟ੍ਰੇਲੀਆ ਖ਼ਿਲਾਫ਼ ਮੈਦਾਨ ‘ਤੇ ਨਜ਼ਰ ਆਉਣਗੇ।
ਮੇਜ਼ਬਾਨ ਕੀਵੀ ਟੀਮ ਦੀ ਅਗਵਾਈ ਕੇਨ ਵਿਲੀਅਮਸਨ ਕਰਨਗੇ ਉਥੇ ਮਹਿਮਾਨ ਆਸਟ੍ਰੇਲੀਆ ਦੀ ਕਪਤਾਨੀ ਆਰੋਨ ਫਿੰਚ ਦੇ ਹੱਥਾਂ ਵਿਚ ਹੋਵੇਗੀ। ਨਿਊਜ਼ੀਲੈਂਡ ਦੀ ਟੀਮ ਵਿਚ ਪੇਸਰ ਟ੍ਰੇਂਟ ਬੋਲਟ, ਟਿਮ ਸਾਊਥੀ ਤੇ ਮਾਰਟਿਨ ਗੁਪਟਿਲ ਵਰਗੇ ਦਿੱਗਜ ਖਿਡਾਰੀ ਹਨ। ਸਾਰਿਆਂ ਦੀਆਂ ਨਜ਼ਰਾਂ ਤੇਜ਼ ਗੇਂਦਬਾਜ਼ ਕਾਇਲ ਜੇਮੀਸਨ ‘ਤੇ ਰਹਿਣਗੀਆਂ। ਜੇਮੀਸਨ ਨੂੰ ਪਿਛਲੇ ਦਿਨੀਂ ਆਈਪੀਐੱਲ ਫਰੈਂਚਾਈਜ਼ੀ ਰਾਇਲ ਚੈਲੰਜਰਜ਼ ਬੈਂਗਲੁਰੂ ਨੇ 15 ਕਰੋੜ ਰੁਪਏ ਵਿਚ ਖ਼ਰੀਦਿਆ ਹੈ। ਜੇਮੀਸਨ ਨੇ ਹੁਣ ਤਕ ਚਾਰ ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ।






