ਡੀ.ਪੀ.ਆਰ.ਓ. ਦਫ਼ਤਰ ਦੇ ਸਮੂਹ ਸਟਾਫ਼ ਨੇ ਵੀ ਲਗਵਾਈ ਕਰੋਨਾ ਦੀ ਦੂਸਰੀ ਡੋਜ਼
ਕਰੋਨਾ ਵੈਕਸੀਨੇਸ਼ਨ ਪੂਰੀ ਤਰ੍ਹਾਂ ਸੁਰੱਖਿਅਤ-ਸੁਭਾਸ਼ ਚੰਦਰ

ਮੋਗਾ (ਹਰਪਾਲ ਸਹਾਰਨ) : ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੁਭਾਸ਼ ਚੰਦਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾ ਤੋਂ ਬਚਾਅ ਲਈ ਟੀਕਾਕਰਨ ਦਾ ਤੀਜਾ ਦੌਰ ਚੱਲ ਰਿਹਾ ਹੈ, ਜਿਸ ਵਿਚ ਸਾਰੇ ਸੀਨੀਅਰ ਸਿਟੀਜਨ ਅਤੇ 45-59 ਸਾਲ ਵਾਲੇ ਗੰਭੀਰ ਰੋਗਾਂ ਨਾਲ ਪੀੜਤ ਟੀਕਾਕਰਨ ਕਰਵਾ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਅੱਜ ਖੁਦ ਕਰੋਨਾ ਤੋਂ ਬਚਾਅ ਲਈ ਪਹਿਲੀ ਡੋਜ਼ ਲਗਵਾਈ ਹੈ ਅਤੇ ਉਹ ਪੂਰੀ ਤਰ੍ਹਾਂ ਸਿਹਤਮੰਦ ਅਤੇ ਤੰਦਰੁਸਤ ਮਹਿਸੂਸ ਕਰ ਰਹੇ ਹਨ। ਇਸਦੇ ਨਾਲ ਹੀ ਅੱਜ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਮੋਗਾ ਦੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੇ ਆਪਣੇ ਦਫ਼ਤਰ ਦੇ ਸਾਰੇ ਕਰਮਚਾਰੀਆਂ ਸਮੇਤ ਕਰੋਨਾ ਵੈਕਸੀਨੇਸ਼ਨ ਦੀ ਦੂਸਰੀ ਡੋਜ਼ ਲਗਵਾਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਟੀਕਾਕਰਣ ਲਈ ਪ੍ਰੀ ਰਜਿਸਟ੍ਰੇਸ਼ਨ ਲਾਜ਼ਮੀ ਨਹੀਂ ਹੈ ਕਿਉਂਕਿ ਇਹ ਸਿਰਫ ਹੈਲਥ ਕੇਅਰ ਵਰਕਰਾਂ (ਐਚ.ਸੀ.ਡਬਲਯੂ) ਅਤੇ ਫਰੰਟਲਾਈਨ ਵਰਕਰਾਂ (ਐੱਫ.ਐੱਲ.ਡਬਲਯੂ) ਦੇ ਮਾਮਲੇ ਵਿਚ ਪਿਛਲੇ ਗੇੜ ਦੌਰਾਨ ਲਾਜ਼ਮੀ ਸੀ। ਉਨ੍ਹਾਂ ਕਿਹਾ ਕਿ ਟੀਕਾਕਰਣ ਦੇ ਚਾਹਵਾਨ ਕੋਵਿਡ 2.0 ਪੋਰਟਲ ‘ਤੇ ਪਹਿਲਾਂ ਰਜਿਸਟਰ ਹੋ ਸਕਦਾ ਹੈ ਜਾਂ ਟੀਕਾਕਰਨ ਵਾਲੇ ਦਿਨ ਮੌਕੇ ‘ਤੇ ਰਜਿਸਟਰ ਹੋਣ ਉਪਰੰਤ ਟੀਕਾ ਲਗਵਾ ਸਕਦੇ ਹਨ।ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਮੋਗਾ, ਸਮੂਹ ਉਪ ਮੰਡਲ ਮੈਜਿਸਟ੍ਰੇਟਸ, ਸੀਨੀਅਰ ਕਪਤਾਨ ਪੁਲਿਸ ਮੋਗਾ, ਜ਼ਿਲ੍ਹਾ ਮਾਲ ਅਫ਼ਸਰ ਮੋਗਾ ਸਮੇਤ ਜ਼ਿਲ੍ਹਾ ਨਾਲ ਸਬੰਧਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਲਗਭਗ ਕਰੋਨਾ ਵੈਕਸੀਨੇਸ਼ਨ ਦੀ ਪਹਿਲੀ ਡੋਜ਼ ਲਗਵਾ ਲਈ ਹੈ।
ਉਨ੍ਹਾਂ ਅੱਗੇ ਕਿਹਾ ਕਿ ਜਿਲ੍ਹਾ ਮੋਗਾ ਵਿੱਚ ਕੰਮ ਕਰ ਰਹੀਆਂ ਸਾਰੀਆਂ ਰਾਸ਼ਟਰੀ ਬੈਂਕਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਫਰੰਟ ਲਾਈਨ ਵਰਕਰ ਵਜੋਂ ਟੀਕਾਕਰਨ ਕਰਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਰੋਨਾ ਸਮੇਂ ਦੌਰਾਨ ਬੈਂਕਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੀ ਮੂਹਰੇ ਹੋ ਕੇ ਲੜ੍ਹਾਈ ਲੜੀ ਹੈ, ਜਿਸ ਕਰਕੇ ਇਹਨਾਂ ਦਾ ਵੀ ਫਰੰਟ ਲਾਈਨ ਵਰਕਰ ਵਜੋਂ ਟੀਕਾਕਰਨ ਕਰਵਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਮਹਾਂਮਾਰੀ ਨਾਲ ਨਜਿੱਠਣ ਲਈ ਕੋਵੀਡ -19 ਟੀਕਾਕਰਨ ਇਕੋ ਇਕ ਰਸਤਾ ਹੈ, ਇਸ ਲਈ ਯੋਗ ਲਾਭਪਾਤਰੀਆਂ ਨੂੰ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸੈਂਪਲਿੰਗ ਲਾਜ਼ਮੀ ਤੌਰ ਤੇ ਜੰਗੀ ਪੱਧਰ ‘ਤੇ ਕੀਤੀ ਜਾ ਰਹੀ ਹੈ ਤਾਂ ਜੋ ਜ਼ਿਲ੍ਹੇ ਵਿਚ ਜਲਦ ਤੋਂ ਜਲਦ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਹਰੇਕ ਜ਼ਿਲ੍ਹਾ ਵਾਸੀ ਤੱਕ ਵੈਕਸੀਨੇਸਨ ਉਪਲਬਧ ਨਹੀਂ ਹੋ ਜਾਂਦੀ ਉਦੋਂ ਤੱਕ ਮਾਸਕ ਲਗਾਉਣਾ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣਾ ਜਰੂਰੀ ਬਣਾਇਆ ਜਾਵੇ। ਜਦੋਂ ਵੀ ਸਿਹਤ ਵਿਭਾਗ ਦੀਆਂ ਟੀਮਾਂ ਆਉਂਦੀਆਂ ਹਨ ਤਾਂ ਸੈਂਪਲਿੰਗ ਜਰੂਰ ਕਾਰਵਾਈ ਜਾਵੇ।




